ਕਿਹਾ -'ਅਰਵਿੰਦ ਕੇਜਰੀਵਾਲ ਸ਼ੇਰ ਹਨ ਅਤੇ ਉਹ ਨਾ ਟੁੱਟਣਗੇ ਅਤੇ ਨਾ ਹੀ ਝੁਕਣਗੇ'
Haryana News : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਵਿੱਚ ਬੰਦ ਹਨ। ਅਜਿਹੇ 'ਚ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਅਗਵਾਈ ਕਰਦੀ ਨਜ਼ਰ ਆ ਰਹੀ ਹੈ। ਉਹ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਚ ਜੁਟੀ ਹੋਈ ਹੈ।
ਇਸੇ ਲੜੀ ਵਿੱਚ ਅੱਜ ਉਨ੍ਹਾਂ ਹਰਿਆਣਾ ਦੇ ਸੋਹਾਣਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਇਕ ਮੰਗ ਵੀ ਰੱਖੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗੁਜਰਾਤ ਦੀ ਜਨਤਾ ਨੇ ਪੀਐਮ ਮੋਦੀ ਨੂੰ ਜਿਤਾਇਆ ਸੀ, ਉਸੇ ਤਰ੍ਹਾਂ ਹਰਿਆਣਾ ਦੇ ਲੋਕ ਹੁਣ ਅਰਵਿੰਦ ਕੇਜਰੀਵਾਲ ਨੂੰ ਜਿਤਾਉਣ।
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਹਰਿਆਣੇ ਦੇ ਲਾਲ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ। ਮੋਦੀ ਨੇ ਹਰਿਆਣਾ ਦੇ ਲੋਕਾਂ ਨੂੰ ਚੁਣੌਤੀ ਦਿੱਤੀ ਹੈ ਕਿ ਮੈਂ ਤੁਹਾਡੇ ਬੇਟੇ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ, ਹੁਣ ਜੋ ਕਰਨਾ ਹੈ ਕਰਲੋ। ਕੀ ਤੁਸੀਂ ਲੋਕ ਇਸ ਬੇਇਨਸਾਫ਼ੀ ਨੂੰ ਬਰਦਾਸ਼ਤ ਕਰੋਗੇ? ਮੈਂ ਨਰਿੰਦਰ ਮੋਦੀ ਨੂੰ ਦੱਸ ਦੇਵਾ ਕਿ ਅਰਵਿੰਦ ਕੇਜਰੀਵਾਲ ਸ਼ੇਰ ਹਨ ਅਤੇ ਉਹ ਤੁਹਾਡੇ ਸਾਹਮਣੇ ਨਾ ਟੁੱਟਣਗੇ ਅਤੇ ਨਾ ਹੀ ਝੁਕਣਗੇ।
ਉਨ੍ਹਾਂ ਅੱਗੇ ਕਿਹਾ, ਮੋਦੀ ਗੁਜਰਾਤ ਦੇ ਹਨ। 2014 ਵਿੱਚ ਜਦੋਂ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਪੂਰੇ ਗੁਜਰਾਤ ਨੇ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਪੂਰੇ ਗੁਜਰਾਤ ਦੀਆਂ ਸੀਟਾਂ ਉਨ੍ਹਾਂ ਨੂੰ ਦਿੱਤੀਆਂ। ਅਰਵਿੰਦ ਕੇਜਰੀਵਾਲ ਨੇ ਪੂਰੇ ਦੇਸ਼ ਵਿੱਚ ਹਰਿਆਣਾ ਦਾ ਨਾਂ ਰੌਸ਼ਨ ਕੀਤਾ ਹੈ। ਕੀ ਤੁਸੀਂ ਆਪਣੇ ਬੇਟੇ ਦਾ ਸਮਰਥਨ ਨਹੀਂ ਕਰੋਗੇ? ਉਨ੍ਹਾਂ ਕਿਹਾ ਕਿ ਹੁਣ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ। ਭਾਜਪਾ ਨੂੰ ਇੱਕ ਵੀ ਵੋਟ ਨਹੀਂ ਜਾਣਾ ਚਾਹੀਦਾ। ਇਹ ਸਵਾਲ ਅਰਵਿੰਦ ਕੇਜਰੀਵਾਲ ਦਾ ਨਹੀਂ ਸਗੋਂ ਹਰਿਆਣਾ ਦੀ ਇੱਜ਼ਤ ਦਾ ਹੈ।
ਅਰਵਿੰਦ ਕੇਜਰੀਵਾਲ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ - ਸੁਨੀਤਾ ਕੇਜਰੀਵਾਲ
ਸੁਨੀਤਾ ਕੇਜਰੀਵਾਲ ਨੇ ਅੱਗੇ ਕਿਹਾ, ਅਰਵਿੰਦ ਕੇਜਰੀਵਾਲ ਹਰਿਆਣਾ ਦੇ ਬੇਟੇ ਹਨ। ਹਰਿਆਣੇ ਦਾ ਇਹ ਬੇਟਾ ਦਿੱਲੀ ਦਾ ਮੁੱਖ ਮੰਤਰੀ ਬਣਿਆ ਅਤੇ ਦੇਸ਼ ਦੀ ਸਿਆਸਤ ਹੀ ਬਦਲ ਕੇ ਰੱਖ ਦਿੱਤੀ। ਕੇਜਰੀਵਾਲ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਆਪਣੀ ਪਾਰਟੀ ਬਣਾਈ ਅਤੇ ਦਿੱਲੀ ਵਿੱਚ ਪਹਿਲੀ ਵਾਰ ਚੋਣ ਲੜੀ ਅਤੇ ਦਿੱਲੀ ਦੇ ਲੋਕਾਂ ਨੇ ਪਹਿਲੀ ਵਾਰ ਹੀ ਉਨ੍ਹਾਂ ਨੂੰ ਆਪਣਾ ਮੁੱਖ ਮੰਤਰੀ ਚੁਣ ਲਿਆ।