
ਗੈਂਗਸਟਰ ਕਰ ਰਹੇ ਨੇ ਫੋਨਾਂ ਦੀ ਵਰਤੋਂ
ਗੁਰੂਗ੍ਰਾਮ : ਗੁਰੂਗ੍ਰਾਮ ਦੀ ਭੋਂਡਸੀ ਜੇਲ ’ਚ ਜਾਂਚ ਦੌਰਾਨ ਗੈਂਗਸਟਰਾਂ ਕੋਲ ਮੋਬਾਈਲ ਫੋਨ ਦੀ ਵਰਤੋਂ, 5ਜੀ ਸਿਗਨਲ ਜੈਮਰਾਂ ਦੀ ਘਾਟ, ਮਹਿਲਾ ਮੈਡੀਕਲ ਸਟਾਫ਼ ਦੀ ਅਣਹੋਂਦ ਅਤੇ 2800 ਤੋਂ ਵੱਧ ਕੈਦੀਆਂ ਦੀ ਦੇਖਭਾਲ ਲਈ ਸਿਰਫ ਇਕ ਡਾਕਟਰ ਹੋਣ ਬਾਰੇ ਪਤਾ ਲੱਗਾ ਹੈ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ.) ਦੇ ਵਿਸ਼ੇਸ਼ ਨਿਗਰਾਨ ਬਾਲਕ੍ਰਿਸ਼ਨ ਗੋਇਲ ਨੇ ਮੰਗਲਵਾਰ ਨੂੰ ਇਹ ਜਾਂਚ ਕੀਤੀ। ਅਪਣੇ ਨਿਰੀਖਣ ਦੌਰਾਨ ਗੋਇਲ ਨੂੰ ਪਤਾ ਲੱਗਾ ਕਿ ਜੇਲ ’ਚ ਸਿਰਫ ਇਕ ਡਾਕਟਰ ਸੀ। ਐਨ.ਐਚ.ਆਰ.ਸੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਮਹਿਲਾ ਕੈਦੀਆਂ ਲਈ ਜੇਲ ਵਿਚ ਕੋਈ ਵੀ ਮਹਿਲਾ ਡਾਕਟਰ ਨਹੀਂ ਹੈ, ਜਿਸ ਨਾਲ ਇਹ ਚਿੰਤਾ ਪੈਦਾ ਹੁੰਦੀ ਹੈ ਕਿ ਬਿਮਾਰ ਔਰਤਾਂ ਪੁਰਸ਼ ਡਾਕਟਰ ਨਾਲ ਅਪਣੀ ਸਿਹਤ ਦੇ ਮੁੱਦਿਆਂ ’ਤੇ ਕਿਵੇਂ ਚਰਚਾ ਕਰਨਗੀਆਂ। ਜੇਲ ਦੇ ਇਕ ਸੀਨੀਅਰ ਅਧਿਕਾਰੀ ਨੇ ਜੇਲ ’ਚ ਮੈਡੀਕਲ ਸਟਾਫ ਦੀ ਘਾਟ ਨੂੰ ਮਨਜ਼ੂਰ ਕੀਤਾ।
ਜੇਲ ’ਚ ਮੈਡੀਕਲ ਅਫਸਰਾਂ ਲਈ ਤਿੰਨ ਅਸਾਮੀਆਂ ਮਨਜ਼ੂਰ ਹਨ ਪਰ ਸਿਰਫ ਇਕ ਨਿਯੁਕਤ ਕੀਤੀ ਗਈ ਹੈ। ਅਧਿਕਾਰੀ ਨੇ ਦਸਿਆ ਕਿ ਜੇਲ ’ਚ ਸਿਰਫ ਇਕ ਡਾਕਟਰ ਹੈ, ਇਸ ਲਈ ਉਹ ਬਿਮਾਰ ਕੈਦੀਆਂ ਨੂੰ ਗੁਰੂਗ੍ਰਾਮ ਦੇ ਸਿਵਲ ਹਸਪਤਾਲ ਰੈਫਰ ਕਰ ਦਿੰਦਾ ਹੈ। ਗੋਇਲ ਨੇ ਭੋਂਡਸੀ ਜੇਲ ’ਚ ਬੰਦ ਸਾਰੇ ਕੈਦੀਆਂ ਦਾ ਹਾਲ-ਚਾਲ ਜਾਣਨ ਦੇ ਨਾਲ-ਨਾਲ ਉਨ੍ਹਾਂ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਅਤੇ ਜੇਲ ਪ੍ਰਸ਼ਾਸਨ ਦੇ ਵਿਵਹਾਰ ਬਾਰੇ ਵੀ ਪੁਛਿਆ। ਉਨ੍ਹਾਂ ਨੇ ਜੇਲ ਦੀ ਰਸੋਈ ਦਾ ਵੀ ਨਿਰੀਖਣ ਕੀਤਾ ਅਤੇ ਕੈਦੀਆਂ ਨੂੰ ਦਿਤੇ ਜਾ ਰਹੇ ਭੋਜਨ ’ਤੇ ਸੰਤੁਸ਼ਟੀ ਜ਼ਾਹਰ ਕੀਤੀ।
ਭੋਂਡਸੀ ਜੇਲ ’ਚ ਸਿਰਫ 2ਜੀ ਸਿਗਨਲ ਜੈਮਰ ਹਨ, ਇਸ ਲਈ ਮੋਬਾਈਲ ਫੋਨਾਂ ’ਤੇ 5ਜੀ ਨੈੱਟਵਰਕ ਚਾਲੂ ਹਨ। ਗੋਇਲ ਨੇ ਕਿਹਾ ਕਿ ਇਸ ਦਾ ਫਾਇਦਾ ਉਠਾਉਂਦੇ ਹੋਏ ਜੇਲ ’ਚ ਬੰਦ ਕਈ ਗੈਂਗਸਟਰ ਕਥਿਤ ਤੌਰ ’ਤੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਹਨ। ਇਕ ਅਧਿਕਾਰੀ ਮੁਤਾਬਕ ਦਸੰਬਰ 2024 ਤਕ 2,412 ਕੈਦੀਆਂ ਦੀ ਮਨਜ਼ੂਰਸ਼ੁਦਾ ਸਮਰੱਥਾ ਦੇ ਮੁਕਾਬਲੇ ਕੁਲ 2,898 ਕੈਦੀ ਜੇਲ ’ਚ ਬੰਦ ਹਨ।
ਕੈਦੀਆਂ ਦੀ ਆਬਾਦੀ ’ਚ 2,269 ਪੁਰਸ਼ ਵਿਚਾਰ ਅਧੀਨ ਕੈਦੀ, 80 ਮਹਿਲਾ ਵਿਚਾਰ ਅਧੀਨ ਕੈਦੀ, 532 ਪੁਰਸ਼ ਦੋਸ਼ੀ ਅਤੇ 17 ਮਹਿਲਾ ਕੈਦੀ ਸ਼ਾਮਲ ਹਨ। ਗੋਇਲ ਨੇ ਸੋਹਣਾ ਖੇਤਰ ਦੇ ਮੰਡਾਵਰ ਪਿੰਡ ’ਚ ਸਥਿਤ ਇਕ ਬਿਰਧ ਆਸ਼ਰਮ ਦਾ ਵੀ ਦੌਰਾ ਕੀਤਾ ਅਤੇ ਉੱਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ।