
ਕਿਸਾਨ ਨੇ ਕਿਹਾ - ਜੇ ਮੈਂ ਟਰੈਕਟਰ ਦਿੰਦਾ ਤਾਂ ਧੀ ਦੇ ਸਹੁਰਾ ਪਰਿਵਾਰ 'ਤੇ ਬੋਝ ਵਧ ਜਾਣਾ ਸੀ ਤੇ ਟਰੈਕਟਰ ਨਾਲ ਖੇਤੀ ਦੇ ਕੰਮ ਦਾ ਬੋਝ ਹਲਕਾ ਹੋਵੇਗਾ
Haryana News: ਕਰਨਾਲ - ਹਰਿਆਣਾ ਦੇ ਸਿਰਸਾ 'ਚ ਇਕ ਕਿਸਾਨ ਨੇ ਆਪਣੀ ਧੀ ਨੂੰ ਵਿਆਹ 'ਚ ਅਨੋਖਾ ਤੋਹਫ਼ਾ ਦਿੱਤਾ ਹੈ। ਰਾਜੇਸ਼ ਸਿੱਧੂ ਨੇ ਇੱਕ ਮਹਿੰਗੀ ਕਾਰ ਦੀ ਬਜਾਏ ਧੀ ਨੂੰ ਇੱਕ ਟਰੈਕਟਰ ਤੋਹਫ਼ੇ ਵਜੋਂ ਦਿੱਤਾ ਹੈ। ਇਸ ਪਿੱਛੇ ਉਸ ਦਾ ਤਰਕ ਹੈ ਕਿ ਟਰੈਕਟਰ ਕਿਸਾਨਾਂ ਦਾ ਜਹਾਜ਼ ਹੁੰਦਾ ਹੈ। ਉਹ ਅਜਿਹਾ ਤੋਹਫ਼ਾ ਦੇ ਕੇ ਆਪਣੀ ਧੀ ਦੇ ਸਹੁਰਿਆਂ 'ਤੇ ਬੇਲੋੜਾ ਬੋਝ ਨਹੀਂ ਪਾਉਣਾ ਚਾਹੁੰਦਾ ਸੀ। ਟਰੈਕਟਰ ਉਨ੍ਹਾਂ ਦੇ ਖੇਤੀ ਦੇ ਕੰਮ ਦਾ ਬੋਝ ਹਲਕਾ ਕਰ ਦੇਵੇਗਾ। ਇਸ ਲਈ ਕਿਸਾਨ ਦੀ ਕਾਫੀ ਤਾਰੀਫ਼ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਸੁਬਾਖੇੜਾ ਦੇ ਕਿਸਾਨ ਰਾਜੇਸ਼ ਸਿੱਧੂ ਦੀ ਪੁੱਤਰੀ ਕਿਰਨ ਦਾ ਵਿਆਹ ਖਾਰੀਆਂ ਦੇ ਰਹਿਣ ਵਾਲੇ ਅਨਿਰੁਧ ਨਾਲ ਹੋਇਆ ਸੀ। ਵਿਆਹ ਇੱਕ ਪੈਲੇਸ ਵਿਚ ਬੜੀ ਧੂਮ-ਧਾਮ ਨਾਲ ਹੋਇਆ। ਜਦੋਂ ਆਪਣੀ ਧੀ ਨੂੰ ਵਿਆਹ 'ਤੇ ਤੋਹਫ਼ਾ ਦੇਣ ਦਾ ਸਮਾਂ ਆਇਆ ਤਾਂ ਰਾਜੇਸ਼ ਨੇ ਉਸ ਨੂੰ ਮਹਿੰਗੀ ਕਾਰ ਦੀ ਬਜਾਏ ਫੋਰਡ ਟਰੈਕਟਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕਿਸਾਨ ਨੇ ਖੇਤੀ ਨੂੰ ਪ੍ਰਫੁੱਲਤ ਕਰਨ ਦਾ ਸੁਨੇਹਾ ਦਿੱਤਾ।
ਰਾਜੇਸ਼ ਸਿੱਧੂ ਨੇ ਦੱਸਿਆ ਕਿ ਉਸ ਦੀ ਬੇਟੀ ਦੇ ਸਹੁਰੇ ਵੀ ਖੇਤੀ ਕਰਦੇ ਹਨ। ਇਸ ਲਈ ਉਸ ਨੇ ਸੋਚਿਆ ਕਿ ਆਪਣੀ ਧੀ ਨੂੰ ਮਹਿੰਗੀ ਕਾਰ ਦੇਣ ਦੀ ਬਜਾਏ ਉਸ ਨੂੰ ਇਕ ਟਰੈਕਟਰ ਹੀ ਗਿਫਟ ਕਰ ਦੇਣਾ ਚਾਹੀਦਾ ਹੈ, ਤਾਂ ਜੋ ਖੇਤੀ ਦਾ ਕੰਮ ਸੌਖਾ ਹੋ ਸਕੇ। ਉਨ੍ਹਾਂ ਕਿਹਾ ਕਿ ਮਹਿੰਗੀਆਂ ਗੱਡੀਆਂ ਦੇਣ ਨਾਲ ਬੇਲੋੜੇ ਕਰਜ਼ੇ ਦਾ ਬੋਝ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਟਰੈਕਟਰ ਕਿਸਾਨ ਦੇ ਕਰਜ਼ੇ ਦੇ ਬੋਝ ਨੂੰ ਘਟਾਉਣ ਦਾ ਕੰਮ ਕਰਦਾ ਹੈ।
(For more Punjabi news apart from The farmer gave his daughter a tractor as a wedding gift, stay tuned to Rozana Spokesman)