
ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
Jammu Kashmir-Haryana Election Result 2024 : ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਯਾਨੀ ਭਲਕੇ ਆਉਣਗੇ। ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 1 ਅਕਤੂਬਰ ਨੂੰ ਆਖਰੀ ਪੜਾਅ ਦੀ ਵੋਟਿੰਗ ਪੂਰੀ ਹੋ ਗਈ ਸੀ। ਇਸ ਤੋਂ ਪਹਿਲਾਂ ਪਹਿਲੇ ਪੜਾਅ ਦੀ ਵੋਟਿੰਗ 18 ਸਤੰਬਰ ਅਤੇ ਦੂਜੇ ਪੜਾਅ ਦੀ 25 ਸਤੰਬਰ ਨੂੰ ਹੋਈ ਸੀ। ਦੱਸ ਦੇਈਏ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਇੱਥੇ ਪਹਿਲੀ ਵਾਰ ਚੋਣਾਂ ਹੋਈਆਂ ਹਨ। ਜੰਮੂ-ਕਸ਼ਮੀਰ 'ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਹੈ, ਇਸ ਲਈ ਵੋਟਰ ਚੋਣਾਂ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਓਥੇ ਹੀ ਹਰਿਆਣਾ 'ਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਸਾਰੀਆਂ 90 ਸੀਟਾਂ 'ਤੇ ਵੋਟਿੰਗ ਹੋਈ ਸੀ। ਹਰਿਆਣਾ ਵਿੱਚ ਇਸ ਵਾਰ ਕਾਂਗਰਸ ਨੇ ਸੀਪੀਐਮ ਨਾਲ ਮਿਲ ਕੇ 90 ਸੀਟਾਂ ਉੱਤੇ ਚੋਣ ਲੜੀ ਹੈ ਅਤੇ ਇੱਕ ਸੀਟ ਸੀਪੀਐਮ ਨੂੰ ਦਿੱਤੀ ਹੈ,ਜਦਕਿ ਭਾਜਪਾ ਨੇ 89 ਸੀਟਾਂ 'ਤੇ ਚੋਣ ਲੜੀ ਹੈ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸਾਰੀਆਂ 90 ਸੀਟਾਂ 'ਤੇ ਚੋਣ ਲੜੀ ਹੈ।
ਕਿੰਨੇ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ?
ਅਧਿਕਾਰਤ ਰਿਪੋਰਟਾਂ ਮੁਤਾਬਕ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਪੋਲਿੰਗ ਅਫ਼ਸਰ ਸਵੇਰੇ 6 ਵਜੇ ਤੱਕ ਆਪੋ-ਆਪਣੇ ਕਾਊਂਟਿੰਗ ਟੇਬਲ 'ਤੇ ਤਾਇਨਾਤ ਹੋ ਜਾਣਗੇ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 93 ਗਿਣਤੀ ਕੇਂਦਰ ਬਣਾਏ ਗਏ ਹਨ।
ਐਗਜ਼ਿਟ ਪੋਲ ਦੇ ਨਤੀਜੇ ਕੀ ਕਹਿੰਦੇ ਹਨ?
ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ 6 ਅਕਤੂਬਰ ਨੂੰ ਜਾਰੀ ਕੀਤੇ ਗਏ ਸਨ। ਇੱਕ ਪਾਸੇ ਜਿੱਥੇ ਭਾਜਪਾ ਹਰਿਆਣਾ ਵਿੱਚ ਸੱਤਾ ਗੁਆ ਰਹੀ ਹੈ, ਉਥੇ ਹੀ ਕਾਂਗਰਸ ਨੂੰ ਵੱਡੀ ਜਿੱਤ ਦੀ ਉਮੀਦ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਅੱਗੇ ਨਜ਼ਰ ਆ ਰਿਹਾ ਹੈ।
ਸੀ-ਵੋਟਰ ਸਰਵੇਖਣ ਮੁਤਾਬਕ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 20-28 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਸੱਤਾ ਵਿੱਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ, ਜਿੱਥੇ ਪਾਰਟੀ ਨੂੰ 50-58 ਸੀਟਾਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਜੇਜੇਪੀ ਨੂੰ 0-2 ਸੀਟਾਂ ਮਿਲ ਰਹੀਆਂ ਹਨ ਅਤੇ ਬਾਕੀਆਂ ਨੂੰ 10-14 ਸੀਟਾਂ ਮਿਲ ਰਹੀਆਂ ਹਨ।
ਸੀ-ਵੋਟਰ ਸਰਵੇਖਣ ਮੁਤਾਬਕ ਜੰਮੂ-ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਗਠਜੋੜ ਨੂੰ 40-48 ਸੀਟਾਂ, ਭਾਜਪਾ ਨੂੰ 27-32 ਸੀਟਾਂ, ਪੀਡੀਪੀ ਨੂੰ 6-12 ਸੀਟਾਂ ਅਤੇ ਹੋਰਨਾਂ ਨੂੰ 6-11 ਸੀਟਾਂ ਮਿਲ ਸਕਦੀਆਂ ਹਨ।