
Haryana News : ਗੁਰੂਗ੍ਰਾਮ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਰੱਖਿਆ ਅਲਰਟ ਮੋਡ 'ਤੇ
Health department starts preparations to deal with emergency amid India-Pakistan tension Latest News in Punjabi : ਪਾਕਿਸਤਾਨ ਨਾਲ ਚੱਲ ਰਹੀ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ, ਗੁਰੂਗ੍ਰਾਮ ਦੇ ਸਿਹਤ ਵਿਭਾਗ ਨੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਵਿਆਪਕ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਸਿਹਤ ਵਿਭਾਗ ਨੇ ਇਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਤਿਆਰ ਕੀਤੀ ਹੈ ਜਿਸ ਦੇ ਤਹਿਤ ਜ਼ਿਲ੍ਹੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਅਲਰਟ ਮੋਡ 'ਤੇ ਰੱਖਿਆ ਗਿਆ ਹੈ।
ਮੁੱਖ ਮੈਡੀਕਲ ਅਫ਼ਸਰ (ਸੀਐਮਓ) ਡਾ. ਅਲਕਾ ਸਿੰਘ ਨੇ ਪੀਐਮਓ ਅਤੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦੇ ਮੈਡੀਕਲ ਅਫ਼ਸਰਾਂ ਨਾਲ ਮੀਟਿੰਗਾਂ ਵੀ ਸ਼ੁਰੂ ਕਰ ਦਿਤੀਆਂ ਹਨ। ਨਾਲ ਹੀ, ਸਾਰੇ ਹਸਪਤਾਲਾਂ ਨੂੰ ਸਪੱਸ਼ਟ ਨਿਰਦੇਸ਼ ਦਿਤੇ ਗਏ ਹਨ ਕਿ ਉਹ ਐਮਰਜੈਂਸੀ ਸਥਿਤੀਆਂ ਲਈ 20 ਤੋਂ 25 ਪ੍ਰਤੀਸ਼ਤ ਬਿਸਤਰੇ ਰਾਖਵੇਂ ਰੱਖਣ। ਇਸ ਦੇ ਨਾਲ ਹੀ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਗਈਆਂ ਹਨ ਤਾਂ ਜੋ ਲੋੜ ਪੈਣ 'ਤੇ ਤੁਰਤ ਕਾਰਵਾਈ ਕੀਤੀ ਜਾ ਸਕੇ।
ਸੀਐਮਓ ਨੇ ਕਿਹਾ ਕਿ ਇਹ ਕਦਮ ਕੋਵਿਡ-19 ਮਹਾਂਮਾਰੀ ਦੌਰਾਨ ਕੀਤੀਆਂ ਗਈਆਂ ਤਿਆਰੀਆਂ ਦੀ ਤਰਜ਼ 'ਤੇ ਚੁੱਕਿਆ ਗਿਆ ਹੈ। ਉਸ ਸਮੇਂ ਸਿਹਤ ਵਿਭਾਗ ਨੇ ਐਮਰਜੈਂਸੀ ਸਥਿਤੀ ਵਿੱਚ ਤੇਜ਼ ਅਤੇ ਤਾਲਮੇਲ ਵਾਲੀ ਕਾਰਵਾਈ ਕੀਤੀ ਸੀ। ਸਿਹਤ ਵਿਭਾਗ ਨੇ ਹਸਪਤਾਲਾਂ ਨੂੰ ਦਵਾਈਆਂ, ਆਕਸੀਜਨ ਸਿਲੰਡਰਾਂ, ਵੈਂਟੀਲੇਟਰਾਂ ਅਤੇ ਹੋਰ ਜ਼ਰੂਰੀ ਡਾਕਟਰੀ ਉਪਕਰਣਾਂ ਦਾ ਢੁਕਵਾਂ ਸਟਾਕ ਯਕੀਨੀ ਬਣਾਉਣ ਦੇ ਨਿਰਦੇਸ਼ ਦਿਤੇ ਹਨ।
ਇਸ ਤੋਂ ਇਲਾਵਾ, ਐਮਰਜੈਂਸੀ ਸਥਿਤੀਆਂ ਵਿਚ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਵਾਰਡ ਸਥਾਪਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਪ੍ਰਾਈਵੇਟ ਹਸਪਤਾਲਾਂ ਨੂੰ ਵੀ ਛੇਤੀ ਹੀ ਲਾਗੂ ਕੀਤੇ ਜਾਣ ਵਾਲੇ SOP ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਸਿਹਤ ਵਿਭਾਗ ਨੇ ਸਾਰੇ ਹਸਪਤਾਲਾਂ ਵਿਚ ਸਿਖਲਾਈ ਪ੍ਰਾਪਤ ਮੈਡੀਕਲ ਕਰਮਚਾਰੀਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿਤਾ ਹੈ। ਇਸ ਲਈ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਵਿਸ਼ੇਸ਼ ਸਿਖਲਾਈ ਵੀ ਦਿਤੀ ਜਾ ਸਕਦੀ ਹੈ।
ਸੀਐਮਓ ਨੇ ਕਿਹਾ ਕਿ ਸਾਡੀ ਤਰਜੀਹ ਇਹ ਹੈ ਕਿ ਮਰੀਜ਼ਾਂ ਨੂੰ ਕਿਸੇ ਵੀ ਸਥਿਤੀ ਵਿਚ ਸਮੇਂ ਸਿਰ ਅਤੇ ਸਹੀ ਇਲਾਜ ਮਿਲੇ। ਸੀਐਮਓ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਸਿਹਤ ਸਬੰਧੀ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰਨ। ਇਹ ਅਭਿਆਸ ਸਿਹਤ ਵਿਭਾਗ ਵਲੋਂ ਸਾਵਧਾਨੀ ਵਜੋਂ ਕੀਤਾ ਜਾ ਰਿਹਾ ਹੈ ਅਤੇ ਹੁਣ ਸਥਿਤੀ ਪੂਰੀ ਤਰ੍ਹਾਂ ਆਮ ਹੈ। ਕਿਸੇ ਵੀ ਤਰ੍ਹਾਂ ਘਬਰਾਉ ਨਾ।