ਪ੍ਰਦੀਪ 6 ਜੁਲਾਈ ਨੂੰ ਕੁਲਗਾਮ ’ਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ
ਜੀਂਦ: ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਨੀਮ ਫੌਜੀ ਕਮਾਂਡੋ ਲਾਂਸ ਨਾਇਕ ਪ੍ਰਦੀਪ ਨੈਨ ਦਾ ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿਤਾ ਗਿਆ। ਪ੍ਰਦੀਪ ਨੈਨ ਦੀ ਲਾਸ਼ ਨੂੰ ਫੌਜ ਦੇ ਤਿਰੰਗੇ ਨਾਲ ਸਜੀ ਗੱਡੀ ’ਚ ਲਿਆਂਦਾ ਗਿਆ ਸੀ। ਪੂਰੇ ਪਿੰਡ ਨੂੰ ਤਿਰੰਗੇ ਨਾਲ ਸਜਾਇਆ ਗਿਆ ਸੀ।
ਸਿਹਤ ਮੰਤਰੀ ਕਮਲ ਗੁਪਤਾ, ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਵਿਧਾਇਕ ਰਾਮਨਿਵਾਸ ਸੁਰਜਾਖੇੜਾ, ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ, ਐਸ.ਪੀ. ਸੁਮਿਤ ਕੁਮਾਰ, ਐਸ.ਡੀ.ਐਮ. ਅਨਿਲ ਦੂਨ, ਉਕਲਾਨਾ ਦੇ ਸਾਬਕਾ ਵਿਧਾਇਕ ਨਰੇਸ਼ ਸੇਲਵਾਲ, ਬਿਨੈਨ ਖਾਪ ਪ੍ਰਧਾਨ ਰਘੁਬੀਰ ਨੈਨ ਅਤੇ ਹੋਰ ਪਤਵੰਤਿਆਂ ਨੇ ਸਸਕਾਰ ਤੋਂ ਪਹਿਲਾਂ ਪ੍ਰਦੀਪ ਨੈਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਪ੍ਰਦੀਪ 6 ਜੁਲਾਈ ਨੂੰ ਕੁਲਗਾਮ ’ਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਪਿੰਡ ਜਾਜਨਵਾਲਾ ਦੇ ਵਸਨੀਕ ਪ੍ਰਦੀਪ ਨੈਨ (27) ਨੂੰ 2015 ’ਚ ਪੈਰਾਮਿਲਟਰੀ ’ਚ ਕਾਂਸਟੇਬਲ ਦੇ ਅਹੁਦੇ ’ਤੇ ਭਰਤੀ ਕੀਤਾ ਗਿਆ ਸੀ। ਪ੍ਰਦੀਪ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ। ਪ੍ਰਦੀਪ ਨੈਨ ਦੀ ਮ੍ਰਿਤਕ ਦੇਹ ਨੂੰ ਲੋਕਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਲਿਜਾਇਆ ਗਿਆ। ਪ੍ਰਦੀਪ ਨੈਨ ਦੀ ਲਾਸ਼ ਨੂੰ ਤਿਰੰਗੇ ’ਚ ਲਪੇਟਿਆ ਵੇਖ ਕੇ ਪਤਨੀ, ਮਾਂ-ਭੈਣ ਦੇ ਹੰਝੂ ਨਹੀਂ ਰੁਕ ਸਕੇ।
ਸਿਹਤ ਮੰਤਰੀ ਕਮਲ ਗੁਪਤਾ ਨੇ ਕਿਹਾ ਕਿ ਉਹ ਸ਼ਹੀਦ ਪ੍ਰਦੀਪ ਨੈਨ ਦੀ ਮਾਂ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ ਅਜਿਹੇ ਬਹਾਦਰ ਪੁੱਤਰ ਨੂੰ ਜਨਮ ਦਿਤਾ। ਉਨ੍ਹਾਂ ਨੇ ਕਿਹਾ ਕਿ ਉਦਾਸ ਹੋਣਾ ਸੁਭਾਵਕ ਸੀ ਕਿਉਂਕਿ ਜਵਾਨ ਪੁੱਤਰ ਚਲਾ ਗਿਆ ਸੀ ਪਰ ਮਾਣ ਵੀ ਸੀ। ਪ੍ਰਦੀਪ ਨੇ ਅਤਿਵਾਦੀਆਂ ਨੂੰ ਮਾਰ ਕੇ ਅਪਣੀ ਜਾਨ ਕੁਰਬਾਨ ਕਰ ਦਿਤੀ।
ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਨੇ ਉਨ੍ਹਾਂ ਨੂੰ ਭੇਜਿਆ ਹੈ ਅਤੇ ਸ਼ਹੀਦ ਦੇ ਪਰਵਾਰ ਨੂੰ ਐਲਾਨੀ ਸਹਾਇਤਾ ਜਲਦੀ ਹੀ ਦਿਤੀ ਜਾਵੇਗੀ। ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਕਿਹਾ ਕਿ ਇਹ ਦੁਖ ਦੇ ਨਾਲ ਮਾਣ ਦੀ ਗੱਲ ਵੀ ਹੈ। ਜਾਜਨਵਾਲਾ ਦੇ ਬਹਾਦਰ ਪੁੱਤਰ ਨੇ ਅਤਿਵਾਦੀਆਂ ਨਾਲ ਲੜਦੇ ਹੋਏ ਅਪਣੀ ਜਾਨ ਕੁਰਬਾਨ ਕਰ ਦਿਤੀ । ਪ੍ਰਦੀਪ ਨੈਨ ਨੂੰ ਅਪਣੀ ਜਾਨ ਦੀ ਪਰਵਾਹ ਨਹੀਂ ਸੀ। ਦੇਸ਼ ਦੇ ਹਿੱਤਾਂ ਨੂੰ ਸਰਵਉੱਚ ਰਖਿਆ। ਪ੍ਰਦੀਪ ਨੈਨ ਦੀ ਸ਼ਹਾਦਤ ਨੂੰ ਸਦੀਆਂ ਤਕ ਯਾਦ ਰੱਖਿਆ ਜਾਵੇਗਾ।