
'ਆਪ' ਪਾਰਟੀ ਸੂਬੇ ’ਚ ਇਕ ਵੀ ਸੀਟ ਨਹੀਂ ਜਿੱਤ ਸਕੀ
Haryana Election Results 2024 : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਾ ਹੈ।
ਪਾਰਟੀ ਸੂਬੇ ’ਚ ਇਕ ਵੀ ਸੀਟ ਨਹੀਂ ਜਿੱਤ ਸਕੀ ਹੈ। ਸੂਬਾ ਇਕਾਈ ਦੇ ਸੀਨੀਅਰ ਉਪ ਪ੍ਰਧਾਨ ਅਨੁਰਾਗ ਢਾਂਡਾ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ ,ਜਿਨ੍ਹਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਕੈਥਲ ਜ਼ਿਲ੍ਹੇ ਦੀ ਕਲਾਯਤ ਸੀਟ ਤੋਂ ਚੋਣ ਲੜਨ ਵਾਲੇ ਢਾਂਡਾ ਕਾਂਗਰਸ ਦੇ ਵਿਕਾਸ ਸਹਾਰਨ ਨਾਲ 13,419 ਵੋਟਾਂ ਦੇ ਫਰਕ ਨਾਲ ਸੱਤਵੇਂ ਸਥਾਨ ’ਤੇ ਰਹੇ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 90 ਵਿਧਾਨ ਸਭਾ ਸੀਟਾਂ ’ਚੋਂ ਕਿਸੇ ’ਤੇ ਵੀ ‘ਆਪ’ ਦਾ ਕੋਈ ਉਮੀਦਵਾਰ ਮੁਕਾਬਲੇ ’ਚ ਨਹੀਂ ਸੀ। ਦਿੱਲੀ ਅਤੇ ਪੰਜਾਬ ’ਚ ਸਰਕਾਰਾਂ ਰੱਖਣ ਵਾਲੀ ‘ਆਪ’ ਨੂੰ ਇਸ ਸਾਲ ਦੇ ਸ਼ੁਰੂ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਵੀ ਕੋਈ ਸਫਲਤਾ ਨਹੀਂ ਮਿਲੀ ਸੀ।
ਗਠਜੋੜ ਬਣਾਉਣ ਲਈ ਕਾਂਗਰਸ ਨਾਲ ਗੱਲਬਾਤ ਅਸਫਲ ਹੋਣ ਤੋਂ ਬਾਅਦ ‘ਆਪ’ ਨੇ ਇਕੱਲੇ ਵਿਧਾਨ ਸਭਾ ਚੋਣਾਂ ਲੜੀਆਂ ਸਨ। ਚੋਣ ਪ੍ਰਚਾਰ ਦੌਰਾਨ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਹ ਤਿੰਨ-ਚਾਰ ਮਹੀਨੇ ਪਹਿਲਾਂ ਜੇਲ੍ਹ ਤੋਂ ਰਿਹਾਅ ਹੋ ਜਾਂਦੇ ਤਾਂ ਉਨ੍ਹਾਂ ਦੀ ਪਾਰਟੀ ਚੋਣਾਂ ਤੋਂ ਬਾਅਦ ਸੂਬੇ ’ਚ ਅਪਣੀ ਸਰਕਾਰ ਬਣਾ ਲੈਂਦੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਹਰਿਆਣਾ ’ਚ ਜੋ ਵੀ ਸਰਕਾਰ ਬਣੇਗੀ, ਉਹ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਬਣੇਗੀ।
ਕੇਜਰੀਵਾਲ ਨੂੰ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਸੀ.ਬੀ.ਆਈ. ਮਾਮਲੇ ’ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ 13 ਸਤੰਬਰ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਉਹ ਪੰਜ ਮਹੀਨੇ ਜੇਲ੍ਹ ’ਚ ਰਹੇ।
2024 ਦੀਆਂ ਲੋਕ ਸਭਾ ਚੋਣਾਂ ’ਚ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ ਕੁਰੂਕਸ਼ੇਤਰ ਸੰਸਦੀ ਹਲਕੇ ਤੋਂ ਕਾਂਗਰਸ ਨਾਲ ਗਠਜੋੜ ’ਚ ਚੋਣ ਲੜੀ ਸੀ। ਪਰ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਸੁਸ਼ੀਲ ਗੁਪਤਾ ਭਾਜਪਾ ਦੇ ਨਵੀਨ ਜਿੰਦਲ ਤੋਂ ਲਗਭਗ 29,000 ਵੋਟਾਂ ਨਾਲ ਹਾਰ ਗਏ।
ਹਰਿਆਣਾ ’ਚ ਜਿੱਥੇ ਜਾਤੀ ਸਮੀਕਰਨ ਕਿਸੇ ਸਿਆਸੀ ਪਾਰਟੀ ਦੀ ਚੋਣ ਸਫਲਤਾ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ, ‘ਆਪ’ ਨੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ’ਚ ਇਸ ਨੂੰ ਮੌਕਾ ਦੇਣ ਲਈ ਕਿਹਾ ਕਿਉਂਕਿ ਉਨ੍ਹਾਂ ਨੇ ਇਕ-ਇਕ ਕਰ ਕੇ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਨੂੰ ਚੁਣਿਆ ਹੈ।
ਪਾਰਟੀ ਨੇ ਕੇਜਰੀਵਾਲ ਨੂੰ ‘ਹਰਿਆਣਾ ਦਾ ਲਾਲ’ (ਹਰਿਆਣਾ ਦਾ ਪੁੱਤਰ) ਵਜੋਂ ਪੇਸ਼ ਕੀਤਾ ਅਤੇ ਉਨ੍ਹਾਂ ਦੇ ਨਾਂ ’ਤੇ ਵੋਟਾਂ ਮੰਗੀਆਂ। ਪਾਰਟੀ ਨੇ ਘਰੇਲੂ ਖਪਤਕਾਰਾਂ ਲਈ ਮੁਫਤ ਅਤੇ 24 ਘੰਟੇ ਬਿਜਲੀ, ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਤਬਦੀਲੀ, ਮੁਫਤ ਅਤੇ ਚੰਗੀ ਸਿੱਖਿਆ, ਮੁਹੱਲਾ ਕਲੀਨਿਕ ਸਥਾਪਤ ਕਰਨ ਅਤੇ ਔਰਤਾਂ ਨੂੰ ਹਰ ਮਹੀਨੇ 1,000 ਰੁਪਏ ਦੇਣ ਸਮੇਤ ਕਈ ‘ਗਰੰਟੀਆਂ’ ਦਾ ਐਲਾਨ ਕੀਤਾ ਸੀ।
ਹਾਲਾਂਕਿ ‘ਆਪ’ 2024 ਦੀਆਂ ਵਿਧਾਨ ਸਭਾ ਚੋਣਾਂ ’ਚ ਅਪਣੀ ਕਿਸਮਤ ਅਜ਼ਮਾ ਰਹੀ ਸੀ ਪਰ ਇਸ ਦਾ ਪਿਛਲਾ ਚੋਣ ਰੀਕਾਰਡ ਹਰਿਆਣਾ ’ਚ ਉਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ। 2014 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਸੂਬੇ ਦੀਆਂ ਸਾਰੀਆਂ 10 ਸੰਸਦੀ ਸੀਟਾਂ ’ਤੇ ਚੋਣ ਲੜੀ ਸੀ ਪਰ ਉਹ ਅਸਫਲ ਰਹੀ ਸੀ।
2019 ਦੀਆਂ ਲੋਕ ਸਭਾ ਚੋਣਾਂ ’ਚ ‘ਆਪ’ ਨੇ ਜਨਨਾਇਕ ਜਨਤਾ ਪਾਰਟੀ ਨਾਲ ਹੱਥ ਮਿਲਾਇਆ ਸੀ ਅਤੇ ਤਿੰਨ ਸੀਟਾਂ ਫਰੀਦਾਬਾਦ, ਕਰਨਾਲ ਅਤੇ ਅੰਬਾਲਾ ਤੋਂ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਉਹ ਵੀ ਹਾਰ ਗਏ ਸਨ। 2019 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਪ‘ ਨੇ 46 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੀ ਸੀ ਅਤੇ ਜਿੱਤ ਦਰਜ ਕਰਨ ’ਚ ਅਸਫਲ ਰਹੀ ਸੀ।