
ਚੜੂਨੀ ਕੁਰੂਕਸ਼ੇਤਰ ਦੀ ਪਿਹੋਵਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਸਨ
Haryana Election Result 2024 : ਹਰਿਆਣਾ 'ਚ ਭਾਜਪਾ ਆਪਣੀ ਸਭ ਤੋਂ ਵੱਡੀ ਜਿੱਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਭਾਜਪਾ 48 ਸੀਟਾਂ 'ਤੇ ਜਿੱਤ ਹਾਸਿਲ ਕਰ ਚੁੱਕੀ ਹੈ ਪਰ ਕੁਰੂਕਸ਼ੇਤਰ ਦੀ ਪਿਹੋਵਾ ਸੀਟ ਕਾਂਗਰਸ ਨੇ ਆਪਣੇ ਨਾਂ ਕਰ ਲਈ ਹੈ। ਭਾਜਪਾ ਉਮੀਦਵਾਰ ਦੇ ਨਾਲ-ਨਾਲ ਗੁਰਨਾਮ ਸਿੰਘ ਚੜੂਨੀ ਵੀ ਇੱਥੋਂ ਹਾਰ ਗਏ ਹਨ।
ਕਿਸਾਨ ਅੰਦੋਲਨ ਦੀ ਕੀਤੀ ਸੀ ਅਗਵਾਈ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਦੀ ਅਗਵਾਈ ਕਰਨ ਵਾਲੇ ਗੁਰਨਾਮ ਸਿੰਘ ਚੜੂਨੀ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੜੂਨੀ ਕੁਰੂਕਸ਼ੇਤਰ ਦੀ ਪਿਹੋਵਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਸਨ। ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਗੁਰਨਾਮ ਸਿੰਘ ਚੜੂਨੀ ਨੂੰ ਸਿਰਫ਼ 1170 ਵੋਟਾਂ ਮਿਲੀਆਂ।
ਪਿਹੋਵਾ ਤੋਂ ਕਾਂਗਰਸੀ ਉਮੀਦਵਾਰ ਜੇਤੂ
ਪਿਹੋਵਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਮਨਦੀਪ ਚੱਠਾ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੂੰ 64548 ਵੋਟਾਂ ਮਿਲੀਆਂ ਹਨ। ਭਾਜਪਾ ਨੇ ਭਾਵੇਂ ਸੂਬੇ 'ਚ ਸਰਕਾਰ ਬਣਾ ਲਈ ਹੈ ਪਰ ਪਿਹੋਵਾ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇੱਥੇ ਕਾਂਗਰਸ ਦੇ ਮਨਦੀਪ ਚੱਠਾ ਨੇ ਭਾਜਪਾ ਉਮੀਦਵਾਰ ਜੈ ਭਗਵਾਨ ਸ਼ਰਮਾ ਨੂੰ 6553 ਵੋਟਾਂ ਨਾਲ ਹਰਾਇਆ। ਭਗਵਾਨ ਸ਼ਰਮਾ ਨੂੰ 57995 ਵੋਟਾਂ ਮਿਲੀਆਂ। ਜਦੋਂ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰ ਬਲਦੇਵ ਸਿੰਘ ਵੜੈਚ ਨੂੰ 1772 ਵੋਟਾਂ ਮਿਲੀਆਂ।
ਹਰਿਆਣਾ 'ਚ ਭਾਜਪਾ ਦੀ ਹੈਟ੍ਰਿਕ
ਦੱਸ ਦੇਈਏ ਕਿ 5 ਅਕਤੂਬਰ ਨੂੰ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ ਸੀ। ਇਸ ਵਾਰ ਕਾਂਗਰਸ ਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਸੀ। ਹਰਿਆਣਾ ਵਿੱਚ ਪਿਛਲੇ 10 ਸਾਲਾਂ ਤੋਂ ਭਾਜਪਾ ਸੱਤਾ ਵਿੱਚ ਸੀ। ਇਸ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਨੇ ਕਮਾਲ ਕਰ ਦਿਖਾਇਆ ਹੈ। ਸੂਬੇ 'ਚ ਭਾਜਪਾ ਨੇ 48 ਸੀਟਾਂ 'ਤੇ ਜਦਕਿ ਕਾਂਗਰਸ ਨੇ 37 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਹੈ। ਇੰਡੀਅਨ ਨੈਸ਼ਨਲ ਲੋਕ ਦਲ ਨੇ 2 ਸੀਟਾਂ ਅਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ।