
ਇਹ ਜਾਣਕਾਰੀ ਚੋਣ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੇ ਵਿਸ਼ਲੇਸ਼ਣ ਤੋਂ ਆਈ ਹੈ
Haryana Elections 2024 : ਹਰਿਆਣਾ ਦੀ ਨਵੀਂ ਚੁਣੀ ਗਈ 90 ਮੈਂਬਰੀ ਵਿਧਾਨ ਸਭਾ ਵਿਚ 86 ਵਿਧਾਇਕ (96 ਫ਼ੀਸਦੀ) ਕਰੋੜਪਤੀ ਹਨ ਜਦਕਿ 12 (13 ਫ਼ੀਸਦੀ) ਵਿਰੁਧ ਅਪਰਾਧਿਕ ਮਾਮਲੇ ਚੱਲ ਰਹੇ ਹਨ। ਇਹ ਜਾਣਕਾਰੀ ਚੋਣ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੇ ਵਿਸ਼ਲੇਸ਼ਣ ਤੋਂ ਆਈ ਹੈ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏਡੀਆਰ) ਅਤੇ ਹਰਿਆਣਾ ਇਲੈਕਸ਼ਨ ਵਾਚ ਨੇ ਸਾਰੇ 90 ਜੇਤੂ ਉਮੀਦਵਾਰਾਂ ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਅੰਕੜੇ ਜਾਰੀ ਕੀਤੇ ਹਨ, ਜੋ ਦਰਸਾਉਂਦੇ ਹਨ ਕਿ 2019 ਵਿਚ ਕਰੋੜਪਤੀ ਵਿਧਾਇਕਾਂ ਦੀ ਗਿਣਤੀ 93 ਫ਼ੀ ਸਦੀ ਤੋਂ ਵਧ ਕੇ ਇਸ ਵਾਰ 96 ਫ਼ੀ ਸਦੀ ਹੋ ਗਈ ਹੈ।
ਅੰਕੜੇ ਦੱਸਦੇ ਹਨ ਕਿ 90 ਵਿਧਾਇਕਾਂ ’ਚੋਂ 44 ਫ਼ੀ ਸਦੀ ਕੋਲ 10 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ ਜਦਕਿ ਸਿਰਫ਼ 2.2 ਫ਼ੀ ਸਦੀ ਕੋਲ 20 ਲੱਖ ਰੁਪਏ ਤੋਂ ਘੱਟ ਦੀ ਜਾਇਦਾਦ ਹੈ। ਹਰੇਕ ਜੇਤੂ ਉਮੀਦਵਾਰ ਦੀ ਔਸਤ ਦੌਲਤ 24.97 ਕਰੋੜ ਰੁਪਏ ਹੈ, ਜੋ 2019 ਦੇ 18.29 ਕਰੋੜ ਰੁਪਏ ਤੋਂ ਕਾਫੀ ਜ਼ਿਆਦਾ ਹੈ।
ਪਾਰਟੀ ਅਨੁਸਾਰ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 96 ਪ੍ਰਤੀਸ਼ਤ ਵਿਧਾਇਕਾਂ, ਕਾਂਗਰਸ ਦੇ 95 ਪ੍ਰਤੀਸ਼ਤ ਵਿਧਾਇਕਾਂ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਆਜ਼ਾਦ ਉਮੀਦਵਾਰਾਂ ਦੇ 100 ਪ੍ਰਤੀਸ਼ਤ ਜੇਤੂਆਂ ਨੇ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਹਿਸਾਰ ਤੋਂ ਆਜ਼ਾਦ ਵਿਧਾਇਕ ਸਾਵਿਤਰੀ ਜਿੰਦਲ 270 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਨਾਲ ਸੂਚੀ ਵਿਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਭਾਜਪਾ ਦੀ ਸ਼ਕਤੀ ਰਾਣੀ ਸ਼ਰਮਾ ਅਤੇ ਸ਼ਰੂਤੀ ਚੌਧਰੀ ਕੋਲ ਕ੍ਰਮਵਾਰ 145 ਕਰੋੜ ਅਤੇ 134 ਕਰੋੜ ਰੁਪਏ ਦੀ ਜਾਇਦਾਦ ਹੈ।
ਸਾਲ 2024 ਵਿਚ ਕੁੱਲ 30 ਵਿਧਾਇਕ ਮੁੜ ਵਿਧਾਨ ਸਭਾ ਲਈ ਚੁਣੇ ਗਏ ਹਨ, ਜਿਨ੍ਹਾਂ ਦੀ ਔਸਤ ਸੰਪਤੀ 2019 ਨਾਲੋਂ 59 ਫ਼ੀ ਸਦੀ ਵਧੀ ਹੈ ਅਤੇ 9.08 ਕਰੋੜ ਰੁਪਏ ਤੋਂ ਵਧ ਕੇ 14.46 ਕਰੋੜ ਰੁਪਏ ਹੋ ਗਈ ਹੈ, ਜੋ ਪਿਛਲੇ ਪੰਜ ਸਾਲਾਂ ’ਚ ਵਿਧਾਇਕਾਂ ਨੂੰ ਹੋਏ ਮਹੱਤਵਪੂਰਨ ਵਿੱਤੀ ਲਾਭ ਨੂੰ ਦਰਸਾਉਂਦਾ ਹੈ।