
ਪਾਰਟੀ ਟਿਕਟਾਂ ਦੇ ਹੱਕਦਾਰ ਕਈ ਨੇਤਾਵਾਂ ਨੂੰ ਨਜ਼ਰਅੰਦਾਜ਼
ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੁੱਝ ਆਗੂਆਂ ਵਲੋਂ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕੀਤੇ ਜਾਣ ’ਤੇ ਪਾਰਟੀ ਆਗੂ ਕਰਨ ਦੇਵ ਕੰਬੋਜ ਨੇ ਬੁਧਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਨੂੰ ਟਿਕਟਾਂ ਦੀ ਵੰਡ ਪ੍ਰਕਿਰਿਆ ’ਚ ਜ਼ਿਆਦਾ ਤਾਕਤ ਨਹੀਂ ਦਿਤੀ ਗਈ।
ਸਾਬਕਾ ਮੰਤਰੀ ਕੰਬੋਜ ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਨਾ ਮਿਲਣ ਤੋਂ ਬਾਅਦ ਪਿਛਲੇ ਹਫਤੇ ਪ੍ਰਦੇਸ਼ ਇਕਾਈ ਦੇ ਓ.ਬੀ.ਸੀ. ਮੋਰਚਾ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਟਿਕਟਾਂ ਦੇ ਹੱਕਦਾਰ ਕਈ ਨੇਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਉਨ੍ਹਾਂ ਦਾਅਵਾ ਕੀਤਾ, ‘‘ਜਦੋਂ ਭਾਜਪਾ ਨੇ ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਤਾਂ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਪਹੁੰਚ ਵਧੀ। ਪਰ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਮੁੱਖ ਮੰਤਰੀ ਨੂੰ ਟਿਕਟਾਂ ਦੀ ਵੰਡ ’ਚ ਜ਼ਿਆਦਾ ਅਧਿਕਾਰ ਨਹੀਂ ਦਿਤੇ ਗਏ। ਅਸੀਂ ਬਹੁਤ ਸਾਰੀਆਂ ਸੀਟਾਂ ’ਤੇ ਜੋ ਬਗਾਵਤ ਵੇਖ ਰਹੇ ਹਾਂ, ਉਸ ਨੂੰ ਰੋਕਿਆ ਜਾ ਸਕਦਾ ਸੀ।’’
ਸੈਣੀ ਦੀ ਤਰ੍ਹਾਂ ਹੋਰ ਪੱਛੜੇ ਵਰਗ (ਓ.ਬੀ.ਸੀ.) ਨਾਲ ਸਬੰਧਤ ਕੰਬੋਜ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦਿਤਾ ਹੈ ਅਤੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਅਗਲੇ ਕਦਮ ਬਾਰੇ ਫੈਸਲਾ ਲੈਣਗੇ। ਉਹ ਇੰਦਰੀ ਅਤੇ ਰਾਦੌਰ ਵਿਧਾਨ ਸਭਾ ਹਲਕਿਆਂ ਤੋਂ ਟਿਕਟ ਦੀ ਉਮੀਦ ਕਰ ਰਹੇ ਸਨ।
ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਪਾਰਟੀ ਨੇ ਕਈ ਨਵੇਂ ਆਏ ਅਤੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਟਿਕਟਾਂ ਨਾਲ ਇਨਾਮ ਦਿਤਾ ਜਦਕਿ ਉਨ੍ਹਾਂ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਜੋ ਸਾਲਾਂ ਤੋਂ ਪਾਰਟੀ ਦਾ ਕੰਮ ਕਰ ਰਹੇ ਹਨ। ਪਿਛਲੇ ਹਫਤੇ ਭਾਜਪਾ ਵਲੋਂ 67 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੇ ਜਾਣ ਤੋਂ ਤੁਰਤ ਬਾਅਦ ਪਾਰਟੀ ਨੂੰ ਉਸ ਸਮੇਂ ਬਗਾਵਤ ਦਾ ਸਾਹਮਣਾ ਕਰਨਾ ਪਿਆ ਜਦੋਂ ਮੰਤਰੀ ਰਣਜੀਤ ਸਿੰਘ ਚੌਟਾਲਾ ਅਤੇ ਵਿਧਾਇਕ ਲਕਸ਼ਮਣ ਦਾਸ ਨਾਪਾ ਨੇ ਟਿਕਟਾਂ ਨਾ ਮਿਲਣ ਤੋਂ ਬਾਅਦ ਪਾਰਟੀ ਛੱਡ ਦਿਤੀ।