
ਮੰਨਿਆ ਜਾ ਰਿਹਾ ਹੈ ਕਿ ਜੇਜੇਪੀ ਹਰਿਆਣਾ 'ਚ 1 ਤੋਂ 2 ਲੋਕ ਸਭਾ ਸੀਟਾਂ ਦੀ ਮੰਗ ਕਰ ਰਹੀ ਸੀ
Haryana Politics: ਹਰਿਆਣਾ - ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ ਯਾਨੀ ਜੇਜੇਪੀ ਦਾ ਗਠਜੋੜ ਟੁੱਟ ਗਿਆ ਹੈ ਪਰ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਓਧਰ ਇਹ ਵੀ ਖ਼ਬਰ ਹੈ ਕਿ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਵੀ ਅਸਤੀਫ਼ਾ ਦੇ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਜੇਪੀ ਹਰਿਆਣਾ 'ਚ 1 ਤੋਂ 2 ਲੋਕ ਸਭਾ ਸੀਟਾਂ ਦੀ ਮੰਗ ਕਰ ਰਹੀ ਸੀ, ਜਦਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਸੂਬਾਈ ਸੰਗਠਨ ਸਾਰੀਆਂ 10 ਸੀਟਾਂ 'ਤੇ ਖ਼ੁਦ ਚੋਣ ਲੜਨ ਦੇ ਹੱਕ 'ਚ ਹਨ। ਗਠਜੋੜ ਟੁੱਟਣ ਦਾ ਕਾਰਨ ਇਹੀ ਹੈ।
ਜੇਜੇਪੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੋਮਵਾਰ ਨੂੰ ਦਿੱਲੀ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸੀਐਮ ਮਨੋਹਰ ਲਾਲ ਖੱਟਰ ਨੇ ਸੋਮਵਾਰ ਰਾਤ ਨੂੰ ਅਤੇ ਮੰਗਲਵਾਰ ਸਵੇਰੇ 11 ਵਜੇ ਚੰਡੀਗੜ੍ਹ ਵਿਚ ਐਮਰਜੈਂਸੀ ਮੀਟਿੰਗ ਬੁਲਾਈ। ਇਸ ਵਿਚ ਸਰਕਾਰ ਦਾ ਸਮਰਥਨ ਕਰਨ ਵਾਲੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਆਜ਼ਾਦ ਵਿਧਾਇਕਾਂ ਨੇ ਹਿੱਸਾ ਲਿਆ।