Haryana Accident News: ਟਰੱਕ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Haryana Accident News: ਹਰਿਆਣਾ ਦੇ ਪਾਣੀਪਤ 'ਚ ਸ਼ੁੱਕਰਵਾਰ ਦੇਰ ਰਾਤ ਐਲੀਵੇਟਿਡ ਬ੍ਰਿਜ 'ਤੇ ਇਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਚਾਰ ਲੋਕਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਵਿਚ ਮਰਨ ਵਾਲੇ ਨੌਜਵਾਨ ਸੋਨੀਪਤ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚ 2 ਚਚੇਰੇ ਭਰਾ ਵੀ ਸ਼ਾਮਲ ਹਨ। ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਕੇ ਲਾਸ਼ਾਂ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪੰਜਵਾਂ ਜ਼ਖ਼ਮੀ ਦੋਸਤ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਰੋਹਿਤ, ਨਿਤਿਨ, ਅਕਸ਼ੈ, ਰਾਹੁਲ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਦੀ ਪਛਾਣ ਸੌਰਵ ਵਜੋਂ ਹੋਈ ਹੈ। ਹਾਦਸੇ ਬਾਰੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਨੀਵਾਰ ਸਵੇਰੇ ਕਰੀਬ 5 ਵਜੇ ਪਤਾ ਲੱਗਾ। ਪਰਿਵਾਰ ਵਾਲੇ ਕਰੀਬ 6 ਵਜੇ ਸਿਵਲ ਹਸਪਤਾਲ ਪਹੁੰਚੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੋਨੀਪਤ ਦੇ ਕੁੰਡਲੀ ਪਿੰਡ ਦੇ ਰੋਹਿਤ, ਨਿਤਿਨ ਅਤੇ ਅਕਸ਼ੈ ਸਮੇਤ ਸੋਨੀਪਤ ਦੇ ਜਾਟੀ ਪਿੰਡ ਦੇ ਰਾਹੁਲ ਅਤੇ ਸੌਰਵ ਸ਼ੁੱਕਰਵਾਰ ਰਾਤ ਬਰੇਜ਼ਾ ਕਾਰ 'ਚ ਸੋਨੀਪਤ ਤੋਂ ਪਾਣੀਪਤ ਲਈ ਰਵਾਨਾ ਹੋਏ ਸਨ। ਇਹ ਦੋਸਤ ਇੱਕ ਟੂਰ ਐਂਡ ਟਰੈਵਲ ਕੰਪਨੀ ਵਿੱਚ ਕੰਮ ਕਰਦੇ ਸਨ। ਉਹ ਇਸ ਕੰਮ ਲਈ ਪੇਮੈਂਟ ਲੈਣ ਪਾਣੀਪਤ ਆ ਰਹੇ ਸਨ।
ਜਦੋਂ ਉਹ ਆਪਣੀ ਕਾਰ ਲੈ ਕੇ ਪਾਣੀਪਤ ਦੇ ਐਲੀਵੇਟਿਡ ਪੁਲ 'ਤੇ ਚੜ੍ਹੇ ਤਾਂ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਐਲੀਵੇਟਿਡ ਪੁਲ ਦੇ ਡਿਵਾਈਡਰ ਅਤੇ ਖੰਭੇ ਨਾਲ ਜਾ ਟਕਰਾਈ। ਹਾਦਸੇ ਦੌਰਾਨ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕੁੰਡਲੀ ਦੇ ਰੋਹਿਤ, ਨਿਤਿਨ, ਅਕਸ਼ੈ ਅਤੇ ਜਾਤੀ ਪਿੰਡ ਦੇ ਰਾਹੁਲ ਦੀ ਮੌਤ ਹੋ ਗਈ।