ਮੀਟਿੰਗ ਤੋਂ ਬਾਅਦ ਸਰਕਾਰ ਤੇ HCMS ਐਸੋਸੀਏਸ਼ਨ ’ਚ ਬਣੀ ਸਹਿਮਤੀ
ਚੰਡੀਗੜ੍ਹ : ਹਰਿਆਣਾ ਦੇ ਸਰਕਾਰੀ ਡਾਕਟਰਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਖਤਮ ਹੋ ਗਈ ਹੈ । ਸਿਹਤ ਮੰਤਰੀ ਦੀ ਅਗਵਾਈ ਹੇਠ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਸਰਕਾਰ ਅਤੇ HCMS ਐਸੋਸੀਏਸ਼ਨ ਵਿਚਾਲੇ ਸਹਿਮਤੀ ਬਣ ਗਈ । ਮੀਟਿੰਗ ਵਿੱਚ ਲਏ ਗਏ ਕਈ ਵੱਡੇ ਫੈਸਲਿਆਂ ਤੋਂ ਬਾਅਦ ਐਸੋਸੀਏਸ਼ਨ ਨੇ ਤੁਰੰਤ ਪ੍ਰਭਾਵ ਨਾਲ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਸਿੱਧੀ ਐਸ.ਐਮ.ਓ. (SMO) ਭਰਤੀ ਨੂੰ ਰੋਕਣ ਸਬੰਧੀ ਸੇਵਾ ਨਿਯਮਾਂ ਵਿੱਚ ਬਦਲਾਅ ਕੀਤਾ ਜਾਵੇਗਾ । 5 ਦਸੰਬਰ 2025 ਨੂੰ ਹੋਈ ਉੱਚ ਪੱਧਰੀ ਮੀਟਿੰਗ ਦੇ ਫੈਸਲੇ ਅਨੁਸਾਰ, ਦੂਜੇ ਰਾਜਾਂ ਦੇ ਨਿਯਮਾਂ ਦਾ ਅਧਿਐਨ ਕਰਨ ਤੋਂ ਬਾਅਦ ਇਸ ਨੂੰ ਜਲਦੀ ਲਾਗੂ ਕੀਤਾ ਜਾਵੇਗਾ। ਨਵੀਂ ਇੰਸੈਂਟਿਵ ਸਕੀਮ 'ਤੇ ਸਹਿਮਤੀ ਬਣੀ ਹੈ । ਇਸ ਦਾ ਖਰੜਾ ਤਿਆਰ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ HCMS ਐਸੋਸੀਏਸ਼ਨ ਦੇ ਮੈਂਬਰ ਵੀ ਸ਼ਾਮਲ ਹੋਣਗੇ। ਕਮੇਟੀ ਨੂੰ ਇੱਕ ਮਹੀਨੇ ਦੇ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।
ਐਸੋਸੀਏਸ਼ਨ ਨੇ ਜ਼ਿਲ੍ਹਾ ਹਸਪਤਾਲਾਂ ਵਿੱਚ ਨਵੀਂ ਪੋਸਟਿੰਗ ਕਾਰਨ ACP (ਤਰੱਕੀ/ਭੱਤਾ) ਨਾ ਮਿਲਣ ਦਾ ਮੁੱਦਾ ਚੁੱਕਿਆ ਸੀ । ਸਰਕਾਰ ਨੇ ਸਪੱਸ਼ਟ ਕੀਤਾ ਕਿ ਡਾਕਟਰਾਂ ਨੂੰ ਪਹਿਲੀ ACP ਲੈਣ ਵਿੱਚ ਕੋਈ ਨੁਕਸਾਨ ਨਹੀਂ ਹੋਵੇਗਾ, ਭਾਵੇਂ ਪੋਸਟਿੰਗ ਸ਼ਹਿਰੀ ਖੇਤਰ ਵਿੱਚ ਹੋਵੇ ਜਾਂ ਪੇਂਡੂ ਵਿੱਚ। ਹੜਤਾਲ ਦੌਰਾਨ ਗੈਰ-ਹਾਜ਼ਰੀ ਦੇ ਸਮੇਂ ਨੂੰ ‘ਲੀਵ ਆਫ ਕਾਈਂਡ ਡਿਊ’ ਮੰਨਿਆ ਜਾਵੇਗਾ, ਭਾਵ ਇਹ ਸਮਾਂ ਡਾਕਟਰਾਂ ਦੀ ਬਣਦੀ ਛੁੱਟੀ ਵਿੱਚ ਗਿਣਿਆ ਜਾਵੇਗਾ। ਇਨ੍ਹਾਂ ਭਰੋਸਿਆਂ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਅਤੇ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਭਰੋਸਾ ਦਿੱਤਾ ਹੈ।
