ਮਾਫੀਆ ਜੀਵਨਸ਼ੈਲੀ ਅਤੇ ਬੰਦੂਕ ਸਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਸਨ ਗੀਤ: ਹਰਿਆਣਾ ਪੁਲਿਸ
ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਗੈਂਗ ਜੀਵਨਸ਼ੈਲੀ ਨੂੰ ਉਤਸ਼ਾਹਤ ਕਰਨ ਅਤੇ ਹਥਿਆਰਾਂ ਤੇ ਹਿੰਸਾ ਦੀ ਵਡਿਆਈ ਕਰਨ ਵਾਲੇ 67 ਗੀਤਾਂ ਨੂੰ ਡਿਜੀਟਲ ਮੰਚਾਂ ਤੋਂ ਹਟਾ ਦਿਤਾ ਗਿਆ ਹੈ। ਹਰਿਆਣਾ ਦੇ ਡੀ.ਜੀ.ਪੀ. ਅਜੈ ਸਿੰਘਲ ਨੇ ਕਿਹਾ ਕਿ 67 ਗੀਤਾਂ ਵਿਰੁਧ ਕੀਤੀ ਗਈ ਕਾਰਵਾਈ ਇਕ ਵੱਡੀ ਮੁਹਿੰਮ ਦਾ ਹਿੱਸਾ ਹੈ ਅਤੇ ਅੱਗੇ ਸਖਤ ਕਾਰਵਾਈ ਜਾਰੀ ਰਹੇਗੀ।
ਪੁਲਿਸ ਨੇ ਅਪਣੇ ਬਿਆਨ ਵਿਚ ਉਨ੍ਹਾਂ ਗੀਤਾਂ ਦਾ ਨਾਮ ਨਹੀਂ ਲਿਆ ਜਿਨ੍ਹਾਂ ਨੂੰ ਹਟਾ ਦਿਤਾ ਗਿਆ ਹੈ। ਹਾਲਾਂਕਿ ਅਧਿਕਾਰਤ ਸੂਤਰਾਂ ਨੇ ਦਸਿਆ ਕਿ ਹਰਿਆਣਵੀ ਰੈਪਰਾਂ ਵਲੋਂ ਗਾਏ ਗਏ ਕੁੱਝ ਗਾਣੇ ਉਨ੍ਹਾਂ 67 ਗਾਣਿਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਪਿਛਲੇ ਲਗਭਗ ਇਕ ਸਾਲ ਵਿਚ ਹਟਾ ਦਿਤਾ ਗਿਆ ਸੀ। ਫ਼ਰਵਰੀ 2025 ’ਚ, ਹਰਿਆਣਾ ਪੁਲਿਸ ਨੇ ਉਨ੍ਹਾਂ ਗੀਤਾਂ ਵਿਰੁਧ ਕਾਰਵਾਈ ਸ਼ੁਰੂ ਕੀਤੀ ਸੀ ਜੋ ਕਥਿਤ ਤੌਰ ਉਤੇ ਬੰਦੂਕ ਸਭਿਆਚਾਰ ਨੂੰ ਉਤਸ਼ਾਹਤ ਕਰਦੇ ਹਨ, ਹਿੰਸਾ ਦੀ ਵਡਿਆਈ ਕਰਦੇ ਹਨ ਅਤੇ ਨਫ਼ਰਤ ਭੜਕਾਉਂਦੇ ਹਨ। ਇਸ ਦੇ ਅਨੁਸਾਰ, ਇਸ ਪਹਿਲ ਨੇ ਗਾਇਕਾਂ, ਸੋਸ਼ਲ ਮੀਡੀਆ ਅਤੇ ਅਜਿਹੇ ਹੋਰ ਮੰਚਾਂ ਨੂੰ ਕਾਰਵਾਈ ਅਧੀਨ ਲਿਆਇਆ। ਹਰਿਆਣਾ ਪੁਲਿਸ, ਖ਼ਾਸਕਰ ਇਸ ਦੀ ਸਾਈਬਰ ਕ੍ਰਾਈਮ ਯੂਨਿਟ ਦੀਆਂ ਟੀਮਾਂ ਸੋਸ਼ਲ ਮੀਡੀਆ ਉਤੇ ਨਜ਼ਰ ਰਖਦੀ ਆਂ ਹਨ ਅਤੇ ਲੋੜ ਪੈਣ ਉਤੇ ਢੁਕਵੀਂ ਕਾਰਵਾਈ ਕਰਦੀਆਂ ਹਨ।
