Karnal News: ਪੁਲਿਸ ਨੇ ਪੋਤੇ ਸਮੇਤ 3 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
ਹਰਿਆਣਾ ਦੇ ਕਰਨਾਲ ਵਿੱਚ ਇੱਕ ਬਜ਼ੁਰਗ ਜੋੜੇ ਦਾ ਕਾਤਲ ਉਨ੍ਹਾਂ ਦਾ ਪੋਤਾ ਨਿਕਲਿਆ। ਦੋਸ਼ੀ ਪੋਤੇ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ 15 ਲੱਖ ਰੁਪਏ ਅਤੇ ਜ਼ਮੀਨ ਹੜੱਪਣ ਲਈ ਆਪਣੇ ਦਾਦਾ ਦਾਦੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਲਈ ਦੋ ਦਿਨਾਂ ਦੇ ਰਿਮਾਂਡ 'ਤੇ ਲੈ ਲਿਆ ਹੈ।
ਮ੍ਰਿਤਕਾਂ ਦੀ ਪਛਾਣ ਹਰੀ ਸਿੰਘ (80) ਅਤੇ ਲੀਲਾ (75) ਵਜੋਂ ਹੋਈ ਹੈ। ਹਰੀ ਸਿੰਘ ਇੱਕ ਨੰਬਰਦਾਰ ਸੀ ਅਤੇ ਮੂਲ ਰੂਪ ਵਿੱਚ ਕਰਸਾ ਪਿੰਡ ਦਾ ਰਹਿਣ ਵਾਲਾ ਸੀ। ਉਹ ਲਗਭਗ 40 ਸਾਲਾਂ ਤੋਂ ਆਪਣੇ ਦੋਵਾਂ ਪੁੱਤਾਂ ਤੋਂ ਅਲੱਗ ਰਹਿ ਰਹੇ ਸਨ। ਡੀਐਸਪੀ ਗੋਰਖਪਾਲ ਰਾਣਾ ਨੇ ਕਿਹਾ ਕਿ ਮੁੱਖ ਦੋਸ਼ੀ ਰਵਿੰਦਰ ਨਸ਼ੇੜੀ ਹੈ ਅਤੇ ਆਪਣੇ ਆਪ ਨੂੰ ਬਾਬਾ ਕਹਾਉਂਦਾ ਸੀ। ਉਸ ਨੇ ਆਪਣੇ ਦਾਦਾ ਹਰੀ ਸਿੰਘ ਅਤੇ ਦਾਦੀ ਲੀਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜ਼ਮੀਨ 'ਤੇ ਇੱਕ ਮੰਦਰ ਬਣਾਉਣ ਦੀ ਯੋਜਨਾ ਬਣਾਈ ਸੀ।
ਉਸ ਨੇ ਆਪਣੇ ਦੋ ਸਾਥੀਆਂ, ਪ੍ਰਦੀਪ ਅਤੇ ਗੁਲਸ਼ਨ ਨੂੰ ਤਾਂਬਾ ਅਤੇ ਹੋਰ ਸਮਾਨ ਦਾ ਲਾਲਚ ਦੇ ਕੇ ਆਪਣੀ ਯੋਜਨਾ ਵਿੱਚ ਸ਼ਾਮਲ ਕੀਤਾ। 11 ਜਨਵਰੀ ਦੀ ਰਾਤ ਨੂੰ, ਤਿੰਨਾਂ ਨੇ ਦਾਦਾ-ਦਾਦੀ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਨ੍ਹਾਂ ਦੇ ਮੂੰਹ 'ਤੇ ਟੇਪ ਲਗਾ ਦਿੱਤੀ।
ਫਿਰ ਰਵਿੰਦਰ ਨੇ ਇੱਕ-ਇੱਕ ਕਰਕੇ ਦੋਵਾਂ ਦਾ ਗਲਾ ਘੁੱਟ ਦਿੱਤਾ। ਡੀਐਸਪੀ ਨੇ ਇਹ ਵੀ ਦੱਸਿਆ ਕਿ ਜਦੋਂ ਰਵਿੰਦਰ ਆਪਣੀ ਦਾਦੀ ਲੀਲਾ ਦਾ ਗਲਾ ਘੁੱਟ ਰਿਹਾ ਸੀ, ਤਾਂ ਉਸ ਨੇ ਆਪਣੇ ਪੋਤੇ ਨੂੰ ਹੀ ਬਚਾਉਣ ਲਈ ਅਵਾਜ਼ਾਂ ਮਾਰੀਆਂ ਪਰ ਦਾਦੀ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਪੋਤੇ ਨੂੰ ਉਹ ਬਚਾਉਣ ਲਈ ਅਵਾਜ਼ਾਂ ਮਾਰ ਰਹੀ ਹੈ ਉਹ ਹੀ ਮੂੰਹ 'ਤੇ ਕੱਪੜਾ ਬੰਨ੍ਹ ਕੇ ਉਨ੍ਹਾਂ ਦਾ ਕਤਲ ਕਰ ਰਿਹਾ ਹੈ।
