
ਹਰਿਆਣਾ ਦੇ ਮੁੱਖ ਮੰਤਰੀ ਨੇ ਉਪ ਕਮਿਸ਼ਨਰਾਂ ਨੂੰ ਦਿਤਾ ਹੁਕਮ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਯਮੁਨਾ ਨਦੀ ਨੂੰ ਸਾਫ਼ ਰੱਖਣ ਦਾ ਅਹਿਦ ਪ੍ਰਗਟਾਉਂਦਿਆਂ ਸਾਰੇ ਉਪ ਕਮਿਸ਼ਨਰਾਂ ਨੂੰ ਹੁਕਮ ਦਿਤਾ ਹੈ ਕਿ ਉਹ ਯਕੀਨੀ ਬਣਾਉਣ ਕਿ ਨਦੀ ’ਚ ਕਿਸੇ ਵੀ ਤਰ੍ਹਾਂ ਨਾਲ ਸੀਵਰੇਜ ਦਾ ਪਾਣੀ ਨਾ ਛੱਡਿਆ ਜਾਵੇ।
ਹਰਿਆਣਾ ਸੂਬਾ ਸੋਕਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਨਿਚਰਵਾਰ ਨੂੰ ਸੈਣੀ ਨੇ ਕਿਹਾ, ‘‘ਯਮੁਨਾ ਨੂੰ ਸਾਫ਼ ਰਖਣਾ ਸਾਡੀ ਸਮੂਹਕ ਜ਼ਿੰਮੇਵਾਰੀ ਹੈ।’’ ਇਸ ਸਰਕਾਰੀ ਬਿਆਨ ਅਨੁਸਾਰ, ਮੁੱਖ ਮੰਤਰੀ ਨੇ ਪਾਨੀਪਤ, ਸੋਨੀਪਤ, ਪਲਵਲ ਅਤੇ ਯਮੁਨਾਨਗਰ ਜ਼ਿਲ੍ਹਿਆਂ ਦੇ ਉਪ ਕਮਿਸ਼ਨਰਾਂ ਨੂੰ ਹੁਕਮ ਦਿਤਾ ਕਿ ਉਹ ਅਪਣੇ ਜ਼ਿਲ੍ਹਿਆਂ ’ਚ ਮਲਜਲ ਉਪਚਾਰ ਪਲਾਂਟ ਸਥਾਪਤ ਕਰਨ, ਤਾਕਿ ਦੂਸ਼ਿਤ ਪਾਣੀ ਯਮੁਨਾ ’ਚ ਨਾ ਜਾਵੇ।
ਸੈਣੀ ਨੇ ਅਧਿਕਾਰੀਆਂ ਨੂੰ ਰੇਵਾੜੀ ਦੇ ਮਸਾਨੀ ਬੈਰਾਜ ’ਚ ਸਥਿਤ ਸਾਰੇ ਛੇ ਮਲਜਲ ਉਪਚਾਰ ਪਲਾਂਟਾਂ ਦੇ ਕੰਮਕਾਜ ਦੇ ਤਰੀਕੇ ਦੀ ਜਾਂਚ ਕਰਨ ਅਤੇ ਉਨ੍ਹਾਂ ਦੀ ਲੋੜੀਂਦੀ ਦੇਖਰੇਖ ਯਕੀਨੀ ਕਰਨ ਦਾ ਵੀ ਹੁਕਮ ਦਿਤਾ।
ਬੈਠਕ ਦੌਰਾਨ ਮੁੱਖ ਮੰਤਰੀ ਨੇ ਸਾਰੇ ਉਪ ਕਮਿਸ਼ਨਰਾਂ ਨੂੰ ਅਪਣੇ ਇਲਾਕਿਆਂ ’ਚ ਨਾਲਿਆਂ ਅਤੇ ਨਹਿਰਾਂ ਦੀ ਸਫ਼ਾਈ ਕਰਵਾਉਣ ਅਤੇ ਮਾਨਸੂਨ ਦੌਰਾਨ ਪਾਣੀ ਖੜ੍ਹਨ ਤੋਂ ਰੋਕਣ ਲਈ ਠੋਸ ਕਦਮ ਚੁਕਣ ਦੇ ਹੁਕਮ ਦਿਤੇ। ਬੈਠਕ ’ਚ ਹਰਿਆਣਾ ਰਾਜ ਸੋਕਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਨੇ ਹੜ੍ਹਾਂ ਨੂੰ ਕਾਬੂ ਕਰਨ ਲਈ 352 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿਤੀ, ਜਿਨ੍ਹਾਂ ਦੀ ਲਾਗਤ 657.99 ਕਰੋੜ ਰੁਪਏ ਹੈ।