
ਹੁੱਡਾ ਤੇ ਸ਼ੈਲਜਾ ਧੜਿਆਂ ਵਿਚਾਲੇ ‘ਤਿੱਖਾ ਟਕਰਾਅ’
ਚੰਡੀਗੜ੍ਹ: ਵਿਰੋਧੀ ਧਿਰ ਦਾ ਨੇਤਾ ਚੁਣਨ ਨੂੰ ਲੈ ਕੇ ਕੁਮਾਰੀ ਸ਼ੈਲਜਾ ਤੇ ਭੂਪੇਂਦਰ ਹੁੱਡਾ ਧੜੇ ਵਿਚਾਲੇ ਲਗਾਤਾਰ ਤਕਰਾਰ ਚਲ ਰਹੀ ਹੈ। ਕਾਂਗਰਸ ਨੇ ਭਲਕੇ 18 ਅਕਤੂਬਰ ਨੂੰ ਚੰਡੀਗੜ੍ਹ ’ਚ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ ਹੈ, ਜਿਸ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਕੀਤੀ ਜਾਵੇਗੀ। ਪਰ ਭੂਪੇਂਦਰ ਹੁੱਡਾ ਇਸ ਮੀਟਿੰਗ ਤੋਂ ਪਹਿਲਾਂ ਹੀ ਵਿਧਾਇਕ ਦਲ ਦੇ ਨੇਤਾ ਲਈ ਦਾਅਵਾ ਪੇਸ਼ ਕਰ ਚੁੱਕੇ ਹਨ। ਅਜਿਹੇ ’ਚ ਸ਼ੈਲਜਾ ਧੜੇ ਦਾ ਨਾਰਾਜ਼ ਹੋਣਾ ਸੁਭਾਵਕ ਹੈ, ਉਥੇ ਜਾਟ ਭਾਈਚਾਰਾ ਵੀ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਭੂਪੇਂਦਰ ਹੁੱਡਾ ਨੇ ਬੁੱਧਵਾਰ ਨੂੰ ਦਿੱਲੀ ਸਥਿਤ ਅਪਣੇ ਨਿਵਾਸ ’ਤੇ ਵਿਧਾਇਕਾਂ ਦੀ ਬੈਠਕ ਬੁਲਾਈ ਸੀ। ਇਸ ਮੀਟਿੰਗ ਵਿਚ 31 ਵਿਧਾਇਕ ਸ਼ਾਮਲ ਹੋਏ, ਪਰ ਛੇ ਵਿਧਾਇਕਾਂ ਨੇ ਆਪਣੀ ਦੂਰੀ ਬਣਾ ਕੇ ਰੱਖੀ। ਉਹ ਕੁਮਾਰੀ ਸ਼ੈਲਜਾ ਤੇ ਰਣਦੀਪ ਸੁਰਜੇਵਾਲਾ ਦਾ ਕਰੀਬੀ ਦੱਸਿਆ ਜਾਂਦਾ ਹੈ। ਨਰਾਇਣਗੜ੍ਹ ਤੋਂ ਸ਼ੈਲੇ ਚੌਧਰੀ, ਕੈਥਲ ਤੋਂ ਆਦਿਤਿਆ ਸੁਰਜੇਵਾਲਾ, ਜਗਾਧਰੀ ਤੋਂ ਅਕਰਮ ਖਾਨ, ਪੰਚਕੂਲਾ ਤੋਂ ਚੰਦਰਮੋਹਨ ਬਿਸ਼ਨੋਈ, ਸਢੌਰਾ ਤੋਂ ਰੇਣੂ ਬਾਲਾ ਅਤੇ ਨਰੇਸ਼ ਸੇਲਵਾਲ ਨੇ ਇਸ ਮੀਟਿੰਗ ਤੋਂ ਦੂਰੀ ਬਣਾਈ ਰੱਖੀ।
ਇਸ ਮੀਟਿੰਗ ਵਿਚ ਕਾਂਗਰਸ ਦੇ ਕੁੱਲ 37 ਵਿਧਾਇਕਾਂ ’ਚੋਂ 31 ਵਿਧਾਇਕ ਸ਼ਾਮਲ ਹੋਏ। ਅਜਿਹੇ ’ਚ ਕਿਆਸ ਲਾਏ ਜਾ ਰਹੇ ਹਨ ਕਿ ਇਨ੍ਹਾਂ ਵਿਧਾਇਕਾਂ ਨੇ ਵਿਧਾਇਕ ਦਲ ਦੇ ਨੇਤਾ ਲਈ ਭੂਪੇਂਦਰ ਹੁੱਡਾ ਦਾ ਸਮਰਥਨ ਕੀਤਾ ਹੈ। ਹਾਲਾਂਕਿ ਭੂਪੇਂਦਰ ਹੁੱਡਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਇਕ ਗ਼ੈਰ-ਰਸਮੀ ਮੁਲਾਕਾਤ ਸੀ ਪਰ ਇਹ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ। ਭੂਪੇਂਦਰ ਹੁੱਡਾ ਦੇ ਇਸ ਤਾਕਤ ਦੇ ਪ੍ਰਦਰਸ਼ਨ ਕਾਰਨ ਸ਼ੈਲਜਾ ਗਰੁੱਪ ਦੀ ਬੇਚੈਨੀ ਵਧਣੀ ਤੈਅ ਹੈ। ਸ਼ੈਲਜਾ ਧੜੇ ਵੱਲੋਂ ਚੰਦਰਮੋਹਨ ਬਿਸ਼ਨੋਈ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਹ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਪੰਚਕੂਲਾ ਤੋਂ ਜਿੱਤੇ ਹਨ। ਉਹ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੁੱਤਰ ਹਨ। ਉਨ੍ਹਾਂ ਨੇ ਹਰਿਆਣਾ ਦੀ ਰਾਜਨੀਤੀ ਨੂੰ ਨੇੜਿਓਂ ਦੇਖਿਆ ਹੈ। ਸ਼ੈਲਜਾ ਧੜੇ ਦਾ ਕਹਿਣਾ ਹੈ ਕਿ ਹਰਿਆਣਾ ਵਿਚ ਤੀਜੀ ਵਾਰ ਹਾਰ ਲਈ ਭੂਪੇਂਦਰ ਹੁੱਡਾ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਜੇ ਕਾਂਗਰਸ ਅੱਗੇ ਵਧਣਾ ਚਾਹੁੰਦੀ ਹੈ ਤਾਂ ਉਸ ਨੂੰ ਵਿਰੋਧੀ ਧਿਰ ਦਾ ਅਜਿਹਾ ਨੇਤਾ ਚੁਣਨਾ ਚਾਹੀਦਾ ਹੈ ਜੋ 36 ਬਰਾਦਰੀਆਂ ਨੂੰ ਨਾਲ ਲੈ ਕੇ ਚੱਲ ਸਕੇ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਸ਼ੈਲਜਾ ਗਰੁੱਪ ਚੰਦਰਮੋਹਨ ਨੂੰ ਵਿਰੋਧੀ ਧਿਰ ਦੇ ਨੇਤਾ ਲਈ ਸਭ ਤੋਂ ਕਾਬਲ ਨੇਤਾ ਮੰਨ ਰਿਹਾ ਹੈ।