ਗਰੀਬਾਂ ਨੂੰ 2 ਕਮਰਿਆਂ ਦਾ ਮਕਾਨ ਦਿੱਤਾ ਜਾਵੇਗਾ, ਬੁਢਾਪਾ, ਅਪਾਹਜਤਾ ਅਤੇ ਵਿਧਵਾ ਪੈਨਸ਼ਨ 6000 ਰੁਪਏ ਹੋਵੇਗੀ
Haryana Elections 2024 : ਕਾਂਗਰਸ ਨੇ ਹਰਿਆਣਾ ਚੋਣਾਂ ਨੂੰ ਲੈ ਕੇ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਪਾਰਟੀ ਦੀਆਂ ਸੱਤ ਗਾਰੰਟੀਆਂ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਕਿਹਾ ਸੀ ਕਿ ਜੇਕਰ ਸੂਬੇ 'ਚ ਸਾਡੀ ਸਰਕਾਰ ਬਣੀ ਤਾਂ ਗਰੀਬਾਂ ਨੂੰ ਦੋ ਕਮਰਿਆਂ ਦਾ ਮਕਾਨ ਦਿੱਤਾ ਜਾਵੇਗਾ ਅਤੇ ਔਰਤਾਂ ਨੂੰ ਹਰ ਮਹੀਨੇ 2000 ਰੁਪਏ ਦਿੱਤੇ ਜਾਣਗੇ।
ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਨੇ ਕਿਹਾ ਕਿ ਭਾਜਪਾ ਦੇ ਸ਼ਾਸਨ ਵਿਚ ਹਰਿਆਣਾ ਵਿਚ ਅਪਰਾਧ ਵਧੇ ਹਨ। 18 ਸਾਲ ਤੋਂ 60 ਸਾਲ ਤੱਕ ਦੀਆਂ ਮਹਿਲਾਵਾਂ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਮਹਿੰਗਾਈ ਦੇ ਬੋਝ ਨੂੰ ਘੱਟ ਕਰਨ ਲਈ ਗੈਸ ਸਿਲੰਡਰ 500 ਰੁਪਏ ਵਿੱਚ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ 6000 ਰੁਪਏ ਦੀ ਪੈਨਸ਼ਨ ਦਿੱਤੀ ਜਾਵੇਗੀ। ਸੇਵਾਮੁਕਤ ਕਰਮਚਾਰੀਆਂ ਦਾ ਜੀਵਨ ਸੁਖਾਲਾ ਬਣਾਉਣ ਲਈ ਓ.ਪੀ.ਐਸ. ਲਾਗੂ ਕੀਤਾ ਜਾਵੇਗਾ। ਨੌਜਵਾਨਾਂ ਨੂੰ ਵਧੀਆ ਭਵਿੱਖ ਦਿੱਤਾ ਜਾਵੇਗਾ। 2 ਲੱਖ ਖਾਲੀ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਹਰਿਆਣਾ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ। 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ।
ਉਦੈਭਾਨ ਨੇ ਅੱਗੇ ਕਿਹਾ, ਚਿਰੰਜੀਵੀ ਯੋਜਨਾ ਦੀ ਤਰਜ਼ 'ਤੇ 25 ਲੱਖ ਰੁਪਏ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਗਰੀਬ ਪਰਿਵਾਰਾਂ ਨੂੰ 100 ਗਜ਼ ਦੇ ਪਲਾਟ ਦਿੱਤੇ ਜਾਣਗੇ। ਅਸੀਂ ਕਾਨੂੰਨੀ MSP ਗਾਰੰਟੀ ਯਕੀਨੀ ਬਣਾਵਾਂਗੇ।
ਦਿੱਲੀ ਵਿੱਚ ਏ.ਆਈ.ਸੀ.ਸੀ ਹੈੱਡਕੁਆਰਟਰ ਵਿਖੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਚੋਣ ਮਨੋਰਥ ਪੱਤਰ ਦੇ ਹਿੱਸੇ ਵਜੋਂ ਗਾਰੰਟੀ ਪੱਤਰ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਹਰਿਆਣਾ ਕਾਂਗਰਸ ਪ੍ਰਧਾਨ ਉਦੈ ਭਾਨ ਵੀ ਮੌਜੂਦ ਸਨ।
1. 300 ਯੂਨਿਟ ਤੱਕ ਮੁਫ਼ਤ ਬਿਜਲੀ ਅਤੇ 25 ਲੱਖ ਰੁਪਏ ਤੱਕ ਦਾ ਮੁਫਤ ਮੈਡੀਕਲ ਇਲਾਜ ਦਿੱਤਾ ਜਾਵੇਗਾ।
2. ਔਰਤਾਂ ਨੂੰ ਹਰ ਮਹੀਨੇ 2,000 ਰੁਪਏ ਦਿੱਤੇ ਜਾਣਗੇ। 500 ਰੁਪਏ 'ਚ ਗੈੱਸ ਸਿਲੰਡਰ ਮਿਲੇਗਾ।
3. 2 ਲੱਖ ਖਾਲੀ ਅਸਾਮੀਆਂ 'ਤੇ ਕੀਤੀ ਜਾਵੇਗੀ ਭਰਤੀ। ਹਰਿਆਣਾ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ।
4. ਬੁਢਾਪਾ, ਅੰਗਹੀਣਾਂ ਅਤੇ ਵਿਧਵਾ ਪੈਨਸ਼ਨ 6000 ਰੁਪਏ ਹੋਵੇਗੀ। ਪੁਰਾਣੀ ਪੈਨਸ਼ਨ ਸਕੀਮ (OPS) ਬਹਾਲ ਕੀਤੀ ਜਾਵੇਗੀ।
5. ਜਾਤੀ ਜਨਗਣਨਾ ਕਰਵਾਈ ਜਾਵੇਗੀ। ਕ੍ਰੀਮੀ ਲੇਅਰ ਦੀ ਸੀਮਾ ਵਧਾ ਕੇ 10 ਲੱਖ ਰੁਪਏ ਕੀਤੀ ਜਾਵੇਗੀ।
6. ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਫ਼ਸਲ ਖਰਾਬ ਹੋਣ ਤੇ ਮੁਆਵਜ਼ਾ ਤੁਰੰਤ ਦਿੱਤਾ ਜਾਵੇਗਾ।
7. ਗਰੀਬ ਪਰਿਵਾਰਾਂ ਨੂੰ 100 ਗਜ਼ ਦੇ ਪਲਾਟ ਦਿੱਤੇ ਜਾਣਗੇ । 3.5 ਲੱਖ ਰੁਪਏ ਦੀ ਲਾਗਤ ਵਾਲਾ 2 ਕਮਰਿਆਂ ਵਾਲਾ ਮਕਾਨ ਦਿੱਤਾ ਜਾਵੇਗਾ।