
ਪਿਛਲੇ 19 ਸਾਲ ਤੋਂ ਜ਼ਰੂਰਤਮੰਦ ਬੱਚਿਆਂ ਨੂੰ ਦੇ ਰਹੇ ਸਿੱਖਿਆ ਅਤੇ ਭੋਜਨ
ਕੈਥਲ : ਕੈਥਲ ਦੇ ਪੱਟੀ ਅਫਗਾਨ ਦਾ ਰਹਿਣ ਵਾਲਾ ਸੁਰੇਸ਼ ਸ਼ਰਮਾ ਅਪਾਹਜ ਹੈ, ਪਰ ਫਿਰ ਵੀ ਉਸਨੇ ਬੱਚਿਆਂ ਦੀ ਸੇਵਾ ਕਰਨ ਦਾ ਆਪਣਾ ਜਨੂੰਨ ਨਹੀਂ ਛੱਡਿਆ। ਸੁਰੇਸ਼ ਪਿਛਲੇ 19 ਸਾਲ ਤੋਂ ਲੋੜਵੰਦ ਵਿਦਿਆਰਥੀਆਂ ਲਈ ਮਸੀਹਾ ਬਣ ਕੇ ਕੰਮ ਕਰ ਰਿਹਾ ਹੈ। ਸੁਰੇਸ਼ ਨੇ ਲੋੜਵੰਦ ਬੱਚਿਆਂ ਨੂੰ ਭੋਜਨ ਅਤੇ ਸਿੱਖਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਲਈ ਹੈ। ਸੁਰੇਸ਼ ਸ਼ਰਮਾ ਗੁਰੂ ਬ੍ਰਹਿਸਪਤੀ ਦਿਵਿਆਂਗ ਅਤੇ ਬਾਲ ਉਪਵਨ ਟਰੱਸਟ ਆਸ਼ਰਮ ਚਲਾਉਂਦਾ ਹੈ। ਉਹ ਪੋਲੀਓ ਕਾਰਨ 12 ਸਾਲ ਦੀ ਉਮਰ ਵਿੱਚ ਅਪਾਹਜ ਹੋ ਗਿਆ ਸੀ।
ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਬੱਸ ਸਟੈਂਡ ’ਤੇ ਕੁਝ ਬੱਚਿਆਂ ਨੂੰ ਭੀਖ ਮੰਗਦੇ ਦੇਖਿਆ ਤਾਂ ਉਸਨੇ ਉਨ੍ਹਾਂ ਲਈ ਕੁਝ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਅਪਾਹਜ ਹੋਣਾ ਵੀ ਇਕ ਵੱਡੀ ਚੁਣੌਤੀ ਸੀ ਪਰ 2006 ’ਚ ਹੀ ਕੈਥਲ ਦੀ ਇਕ ਸਮਾਜਿਕ ਸੰਸਥਾ ਨੇ ਕੇਵਲ ਦੋ ਕਮਰੇ ਦੇਣ ਦਾ ਭਰੋਸਾ ਦਿੱਤਾ। ਇਨ੍ਹਾਂ ਕਮਰਿਆਂ ਵਿੱਚ ਉਸਨੇ ਬੱਚਿਆਂ ਦੇ ਖਾਣੇ ਅਤੇ ਕਲਾਸਾਂ ਦਾ ਪ੍ਰਬੰਧ ਕੀਤਾ। 2008 ਵਿੱਚ ਗੁਰੂ ਬ੍ਰਹਿਸਪਤੀ ਦਿਵਿਆਂਗ ਆਸ਼ਰਮ ਦੇ ਨਾਮ ਨਾਲ ਸੰਸਥਾ ਬਣਾਈ ਗਈ ਅਤੇ ਪੱਟੀ ਅਫਗਾਨ ’ਚ ਇੱਕ ਸਮਾਜਸੇਵੀ ਨੇ ਲਗਭਗ 500 ਗਜ਼ ਜ਼ਮੀਨ ਦਾਨ ਕੀਤੀ। ਇਥੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਅਤੇ 2019 ਵਿੱਚ ਸੰਸਥਾ ਤੋਂ ਟਰੱਸਟ ਬਣਾ ਲਿਆ।
ਸੁਰੇਸ਼ ਨੇ ਦੱਸਿਆ ਕਿ ਉਸਨੇ ਸੈਂਕੜੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ। ਇਸ ਸੇਵਾ ’ਚ ਉਨ੍ਹਾਂ ਦਾ ਡਾ. ਨਵੀਨ ਬਾਂਸਲ ਅਤੇ ਸੇਵਾਮੁਕਤ ਪ੍ਰਿੰਸੀਪਲ ਨਰਿੰਦਰ ਗੁਪਤਾ ਵੀ ਇਸ ਸੇਵਾ ਵਿੱਚ ਉਨ੍ਹਾਂ ਦਾ ਸਹਿਯੋਗ ਕਰ ਰਹੇ ਹਨ। ਇਹ ਦੋਵੇਂ ਹਰ ਐਤਵਾਰ ਨੂੰ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਨ ਲਈ ਆਸ਼ਰਮ ਵਿੱਚ ਆਉਂਦੇ ਹਨ ਅਤੇ ਲਗਭਗ ਤਿੰਨ ਤੋਂ ਚਾਰ ਘੰਟੇ ਪੜ੍ਹਾਉਂਦੇ ਹਨ। ਇਸ ਦੇ ਨਾਲ ਹੀ ਆਸ਼ਰਮ ’ਚ ਰਾਮਦਿਆ, ਰਾਜੇਂਦਰ ਅਤੇ ਸੁਰੇਂਦਰ ਵੀ ਲਗਾਤਾਰ ਸਹਿਯੋਗ ਕਰਦੇ ਹਨ।
ਟਰੱਸਟ ’ਚ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ 50 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਬੱਚਿਆਂ ਦੀ ਸਿੱਖਿਆ ’ਤੇ ਹੋਣ ਵਾਲਾ ਖਰਚਾ ਵੀ ਸੁਰੇਸ਼ ਖੁਦ ਕਰਦੇਹਨ। ਇਨ੍ਹਾਂ ’ਚ ਪਹਿਲੀ ਤੋਂ 12ਵੀਂ ਤੱਕ ਦੇ ਵਿਦਿਆਰਥੀ ਸ਼ਾਮਲ ਹਨ। ਇਹ ਆਸ਼ਰਮ ਸ਼ਹਿਰ ਦੇ ਕੁੱਝ ਸਮਾਜਸੇਵੀ ਲੋਕਾਂ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਹੈ। ਜੋ ਦਾਨ ਲੋਕਾਂ ਵੱਲੋਂ ਦਿੱਤਾ ਜਾਂਦਾ ਹੈ ਉਹ ਸਾਰਾ ਬੱਚਿਆਂ ਦੀ ਸਿੱਖਿਆ ’ਤੇ ਖਰਚ ਕੀਤਾ ਜਾਂਦਾ ਹੈ।