ਅੰਦੋਲਨ ਦਾ ਐਲਾਨ 14 ਫ਼ਰਵਰੀ ਨੂੰ ਦਿੱਲੀ 'ਚ ਮੀਟਿੰਗ ਕਰ ਕੇ ਕਰਾਂਗੇ : ਘੋਲੀਆ
ਕੋਟਕਪੂਰਾ (ਗੁਰਿੰਦਰ ਸਿੰਘ) : ਹਰਿਆਣਾ ਸਿੱਖ ਕਤਲੇਆਮ 1984 ਦੇ ਪੀੜਤ ਪਰਵਾਰਾਂ ਦੀ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ 1984 ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਗੁੜਗਾਉ ਵਿਖੇ ਹੋਈ ਮੀਟਿੰਗ ਵਿਚ ਹਰਿਆਣਾ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਪੀੜਤ ਪਰਵਾਰਾਂ ਅਤੇ ਮੌਕੇ ਦੇ ਗਵਾਹਾਂ ਨੇ ਸ਼ਿਰਕਤ ਕੀਤੀ।
ਮੀਟਿੰਗ ਦਾ ਮਕਸਦ 1984 ਦੇ ਕਤਲੇਆਮ ਦੇ ਪੀੜਤਾਂ ਨੂੰ ਅਜੇ ਤਕ ਨਾ ਮਿਲੇ ਇਨਸਾਫ਼, ਸਰਕਾਰੀ ਸਹਾਇਤਾ ਅਤੇ ਰੁਜ਼ਗਾਰ ਦੇ ਮਸਲੇ ’ਤੇ ਸਾਂਝੀ ਰਣਨੀਤੀ ਤਿਆਰ ਕਰਨਾ ਸੀ। ਮੀਟਿੰਗ ਦੌਰਾਨ ਮੌਕੇ ਦੇ ਗਵਾਹ ਤੇ ਪੀੜਤ ਰਾਮ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਸਾਹਨੀ ਗੁੜਗਾਉ, ਗੁਰਜੀਤ ਸਿੰਘ ਪਟੌਦੀ ਅਤੇ ਗੋਪਾਲ ਸਿੰਘ ਰੇਵਾੜੀ ਨੇ ਦਿਲ ਹਿਲਾ ਦੇਣ ਵਾਲੇ ਬਿਆਨ ਦਿੰਦਿਆਂ ਕਿਹਾ ਕਿ 1984 ਦੀ ਹਨੇਰੀ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਉਜਾੜ ਦਿਤੀ, ਅੱਖਾਂ ਸਾਹਮਣੇ ਹੀ ਪਰਵਾਰਾਂ ਦਾ ਕਤਲੇਆਮ ਹੋਇਆ, ਮਾਸੂਮ ਬੱਚੇ, ਔਰਤਾਂ ਅਤੇ ਬਜ਼ੁਰਗ ਭੀੜ ਦੀ ਹਿੰਸਾ ਦਾ ਸ਼ਿਕਾਰ ਬਣੇ, ਘਰ-ਬਾਰ ਲੁੱਟ ਗਏ ਅਤੇ ਸਭ ਕੁਝ ਮਲੀਆਮੇਟ ਹੋ ਗਿਆ। ਉਨ੍ਹਾਂ ਕਿਹਾ ਕਿ ਉਸ ਦਿਨ ਦੇ ਭਿਆਨਕ ਮੰਜ਼ਰ ਅਜੇ ਵੀ ਅੱਖਾਂ ਸਾਹਮਣੇ ਘੁੰਮਦੇ ਹਨ, ਜਿਸ ਕਾਰਨ ਕਈ ਪੀੜਤ ਅੱਜ ਵੀ ਗਹਿਰੇ ਸਦਮੇ ਵਿਚ ਜ਼ਿੰਦਗੀ ਜੀਅ ਰਹੇ ਹਨ। ਇਸ ਮੌਕੇ ਪੀੜਤਾਂ ਨੇ ਦਸਿਆ ਕਿ 42 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲਿਆ।
ਕੇਂਦਰ ਅਤੇ ਸੂਬਾ ਸਰਕਾਰਾਂ ਨੇ ਲੰਬੇ ਸਮੇਂ ਤਕ ਉਨ੍ਹਾਂ ਨਾਲ ਜਲੀਲ ਵਿਵਹਾਰ ਕੀਤਾ ਹੈ। ਅਦਾਲਤਾਂ ਅਤੇ ਕਮਿਸ਼ਨਾਂ ਦੇ ਦਰਵਾਜ਼ੇ ਖੜਕਾਉਂਦੇ-ਖੜਕਾਉਂਦੇ ਕਈ ਪੀੜਤਾਂ ਦੀ ਜ਼ਿੰਦਗੀ ਲੰਘ ਗਈ ਪਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਅੱਜ ਵੀ ਪੀੜਤ ਇਨਸਾਫ਼ ਅਤੇ ਨਿਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਜੋ ਇੱਕ ਲੋਕਤੰਤਰਿਕ ਦੇਸ਼ ਲਈ ਸ਼ਰਮਨਾਕ ਗੱਲ ਹੈ। ਪੀੜਤ ਪਰਿਵਾਰਾਂ ਨੇ ਹਰਿਆਣਾ ਸਰਕਾਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਾਈਵੇਟ ਨੌਕਰੀਆਂ ਦੇ ਨਿਯੁਕਤੀ ਪੱਤਰ ਦੇ ਕੇ ਪੀੜਤਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਨੌਕਰੀਆਂ ਨਾ ਤਾਂ ਸਥਾਈ ਹਨ ਅਤੇ ਨਾ ਹੀ ਉਨ੍ਹਾਂ ਵਿਚ ਕੋਈ ਸਰਕਾਰੀ ਸਹੂਲਤਾਂ ਹਨ।
ਇਸ ਤਰ੍ਹਾਂ ਦੀ ਪੇਸ਼ਕਸ਼ ਪੀੜਤਾਂ ਦੇ ਜਖ਼ਮਾਂ ’ਤੇ ਨਮਕ ਛਿੜਕਣ ਦੇ ਬਰਾਬਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਭੀਖ਼ ਨਹੀਂ ਮੰਗਦੇ, ਸਗੋਂ ਆਪਣੇ ਹੱਕ ਮੰਗ ਰਹੇ ਹਨ। ਇਸ ਮੌਕੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਹਰਿਆਣਾ ਸਰਕਾਰ ਨੂੰ ਸਖ਼ਤ ਲਹਿਜ਼ੇ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਮੱਧ ਪ੍ਰਦੇਸ਼, ਦਿੱਲੀ ਅਤੇ ਯੂ.ਪੀ. ਦੀ ਤਰਜ਼ ’ਤੇ ਮੁੜ ਵਿਚਾਰ ਕਰ ਕੇ ਪੀੜਤਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਸਰਕਾਰੀ ਸਹੂਲਤਾਂ ਵਾਲੀਆਂ ਨੌਕਰੀਆਂ ਦਿਤੀਆਂ ਜਾਣ। ਉਨ੍ਹਾਂ ਕਿਹਾ ਕਿ ਜਿਹੜੀਆਂ ਸਰਕਾਰਾਂ ਨੇ ਹੋਰ ਰਾਜਾਂ ਵਿਚ ਪੀੜਤਾਂ ਨੂੰ ਸਰਕਾਰੀ ਰੁਜ਼ਗਾਰ ਅਤੇ ਮਾਣਯੋਗ ਜੀਵਨ ਜਿਊਣ ਦਾ ਮੌਕਾ ਦਿਤਾ ਹੈ, ਉਹੀ ਮਾਡਲ ਹਰਿਆਣਾ ਵਿੱਚ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਭਾਈ ਘੋਲੀਆ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤ ਸਿਰਫ਼ ਇਨਸਾਫ਼ ਨਹੀਂ, ਸਗੋਂ ਇੱਜ਼ਤ ਨਾਲ ਜਿਊਣ ਦਾ ਹੱਕ ਮੰਗ ਰਹੇ ਹਨ। ਉਨ੍ਹਾਂ ਦਸਿਆ ਕਿ ਮੀਟਿੰਗ ਦੌਰਾਨ ਤਿੱਖੇ ਸੰਘਰਸ਼ ਦੀ ਪੂਰੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ। ਸਰਕਾਰ ਨੂੰ ਕੁਝ ਸਮਾਂ ਦਿੰਦਿਆਂ 14 ਫਰਵਰੀ ਨੂੰ ਦਿੱਲੀ ਵਿਖੇ ਅਗਲੀ ਮੀਟਿੰਗ ਦੌਰਾਨ ਵੱਡੇ ਸੰਘਰਸ਼ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਪੀੜਤਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਨਾ ਕੀਤਾ ਤਾਂ ਪੀੜਤ ਪਰਿਵਾਰ ਸੜਕਾਂ ’ਤੇ ਉਤਰ ਕੇ ਆਪਣੀ ਆਵਾਜ਼ ਬੁਲੰਦ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਪੀੜਤ ਭਾਈਚਾਰੇ ਦੀ ਹੈ ਅਤੇ ਇਨਸਾਫ਼ ਮਿਲਣ ਤਕ ਇਹ ਸੰਘਰਸ਼ ਜਾਰੀ ਰਹੇਗਾ।
