
ਐਸਟੀਐਫ ਤੇ ਗੁਰੂਗ੍ਰਾਮ ਕ੍ਰਾਈਮ ਬਰਾਂਚ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਪੰਜ ਸ਼ਾਰਪ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
Haryanvi singer Rahul Fazilpuria news : ਗੁਰੂਗ੍ਰਾਮ ’ਚ ਫਾਈਨੈਂਸਰ ਰੋਹਿਤ ਸ਼ੌਕੀਨ ਦੇ ਕਤਲ ਤੋਂ ਬਾਅਦ ਬਾਲੀਵੁੱਡ ਗਾਇਕ ਰਾਹੁਲ ਫਾਜ਼ਿਲਪੁਰੀਆ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਐਸਟੀਐਫ ਅਤੇ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਵੱਲੋਂ ਸਾਂਝੇ ਆਪ੍ਰੇਸ਼ਨ ’ਚ ਇੱਕ ਮੁਕਾਬਲੇ ਤੋਂ ਬਾਅਦ ਪੰਜ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਕਾਬਲੇ ਦੌਰਾਨ ਦੋਵਾਂ ਪਾਸਿਆਂ ਤੋਂ ਕੁੱਲ 18 ਰਾਉਂਡ ਫਾਇਰਿੰਗ ਹੋਈ। ਗੋਲੀਬਾਰੀ ਦੌਰਾਨ ਦੋ ਪੁਲਿਸ ਕਰਮਚਾਰੀਆਂ ਨੂੰ ਵੀ ਗੋਲੀ ਲੱਗੀ, ਪਰ ਬੁਲੇਟ ਪਰੂਫ਼ ਜੈਕੇਟ ਹੋਣ ਕਾਰਨ ਉਨ੍ਹਾਂ ਨੂੰ ਗੋਲੀ ਨਾਲ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਪੁਲਿਸ ਕਰਮਚਾਰੀ ਸੁਰੱਖਿਅਤ ਹਨ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦੀਪਕ ਨੰਦਲ ਅਤੇ ਰੋਹਿਤ ਸਿਰਧਾਨੀਆ ਰੋਹਿਤ ਸ਼ੌਕੀਨ ਦੇ ਕਤਲ ਤੋਂ ਬਾਅਦ ਰਾਹੁਲ ਫਾਜ਼ਿਲਪੁਰੀਆ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ। ਇਸ ’ਤੇ ਐਸਟੀਐਫ ਅਤੇ ਗੁਰੂਗ੍ਰਾਮ ਪੁਲਿਸ ਦੀਆਂ ਕਈ ਇਕਾਈਆਂ ਨੇ ਗੁਰੂਗ੍ਰਾਮ ਦੇ ਪਟੌਦੀ ਰੋਡ ਵਜ਼ੀਰਪੁਰ ਖੇਤਰ ਵਿੱਚ ਜਾਲ ਵਿਛਾ ਦਿੱਤਾ।
ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਬਿਨਾਂ ਨੰਬਰ ਪਲੇਟ ਵਾਲੀ ਇਨੋਵਾ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਾਰ ’ਚ ਬੈਠੇ ਹਥਿਆਰਬੰਦ ਅਪਰਾਧੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਚਾਰ ਬਦਮਾਸ਼ਾਂ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਇੱਕ ਨੂੰ ਫੜ ਲਿਆ ਗਿਆ।
ਐਸਟੀਐਫ ਦੇ ਡੀਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ ਵਿਦੇਸ਼ ’ਚ ਬੈਠੇ ਗੈਂਗਸਟਰ ਰੋਹਿਤ ਸਿਰਧਨੀਆ ਅਤੇ ਦੀਪਕ ਨੰਦਲ ਦੇ ਸ਼ਾਰਪ ਸ਼ੂਟਰ ਹਨ। ਦੋਸ਼ੀਆਂ ਦੀ ਪਛਾਣ ਵਿਨੋਦ ਉਰਫ ਪਹਿਲਵਾਨ ਪੁੱਤਰ ਰਾਜਪਾਲ ਵਾਸੀ ਲੋਵਾ ਮਜ਼ਰਾ ਜ਼ਿਲ੍ਹਾ ਝੱਜਰ, ਪਦਮ ਉਰਫ ਰਾਜਾ ਪੁੱਤਰ ਸਾਹਿਬ ਸਿੰਘ ਪਿੰਡ ਲੋਵਾ ਮਜ਼ਰਾ ਜ਼ਿਲ੍ਹਾ ਝੱਜਰ, ਆਸ਼ੀਸ਼ ਉਰਫ ਆਸ਼ੂ ਪੁੱਤਰ ਸ੍ਰੀਦੇਵ, ਸੋਨੀਪਤ, ਗੌਤਮ ਉਰਫ ਗੋਗੀ ਪੁੱਤਰ ਅਮਨ ਸਿੰਘ ਵਾਸੀ ਦੀਪਾਲਪੁਰ, ਸੋਨੀਪਤ ਅਤੇ ਸ਼ੁਭਮ ਉਰਫ ਕਾਲਾ ਪੁੱਤਰ ਰੋਹਤਾਸ ਪਿੰਡ ਜਾਜਲ ਜ਼ਿਲ੍ਹਾ ਸੋਨੀਪਤ ਵਜੋਂ ਹੋਈ ਹੈ। ਮੁਕਾਬਲੇ ਦੌਰਾਨ ਵਿਨੋਦ ਪਹਿਲਵਾਨ, ਪਦਮ, ਸ਼ੁਭਮ ਅਤੇ ਆਸ਼ੀਸ਼ ਨੂੰ ਗੋਲੀ ਲੱਗੀ। ਜਦੋਂ ਕਿ ਗੌਤਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।