
ਟੋਕੀਉ : ਵਿਗਿਆਨ ਲੰਮੇ ਸਮੇਂ ਤੋਂ ਆਕਾਸ਼ ਵਿਚ ਅਜਿਹੇ ਗ੍ਰਹਿਆਂ ਦੀ ਤਲਾਸ਼ ਵਿਚ ਲਗਿਆ ਹੋਇਆ ਹੈ ਜਿਨ੍ਹਾਂ 'ਤੇ ਜੀਵਨ ਸੰਭਵ ਹੋਵੇ। ਖੋਜ ਦੇ ਇਸ ਕ੍ਰਮ ਵਿਚ ਜਾਪਾਨ ਦੇ ਵਿਗਿਆਨੀਆਂ ਨੇ 15 ਨਵੇਂ ਗ੍ਰਹਿ ਖੋਜ ਲਏ ਹਨ। ਇਨ੍ਹਾਂ ਵਿਚੋਂ ਤਿੰਨ ਨੂੰ ਉਨ੍ਹਾਂ ਨੇ 'ਸੁਪਰ ਅਰਥ' ਕਿਹਾ ਹੈ। ਇਨ੍ਹਾਂ ਤਿੰਨਾਂ ਵਿਚੋਂ ਇਕ ਗ੍ਰਹਿ 'ਤੇ ਪਾਣੀ ਹੋਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਜਾਪਾਨ ਸਥਿਤ ਟੋਕੀਉ ਇੰਸਟੀਚਿਊਟ ਆਫ਼ ਤਕਨਾਲੋਜੀ ਦੇ ਵਿਗਿਆਨੀਆਂ ਦੁਆਰਾ ਕੀਤੇ ਗਏ ਜਾਂਚ 'ਚ ਇਨ੍ਹਾਂ ਗ੍ਰਹਿਆਂ ਬਾਰੇ ਜਾਣਕਾਰੀ ਮਿਲੀ ਹੈ। ਇਸ ਜਾਂਚ ਲਈ ਵਿਗਿਆਨੀਆਂ ਨੇ ਨਾਸਾ ਦੇ ਕੈਪਲਰ ਆਕਾਸ਼ ਯਾਨ ਦੇ ਦੂਜੇ ਮਿਸ਼ਨ ‘ਕੇ - 2’, ਅਮਰੀਕਾ ਦੇ ਹਵਾਈ ਸਥਿਤ ਸੁਬਾਰੂ ਟੈਲੀਸਕੋਪ ਅਤੇ ਸਪੇਨ ਸਥਿਤ ਨਾਰਡਿਕ ਆਪਟੀਕਲ ਟੈਲੀਸਕੋਪ ਤੋਂ ਜੁਟਾਏ ਗਏ ਅੰਕੜਿਆਂ ਦੀ ਰਿਸਰਚ ਕੀਤੀ। ਇਸ ਜਾਂਚ ਨਾਲ ਖੋਜੇ ਗਏ ਸਾਰੇ 15 ਗ੍ਰਹਿ ਅਪਣੇ ਸੌਰ ਮੰਡਲ ਤੋਂ ਬਾਹਰ ਸਥਿਤ ਹਨ। ਅਜਿਹੇ ਗ੍ਰਹਿਆਂ ਨੂੰ ਐਕਸੋਪਲੈਨੇਟ ਕਿਹਾ ਜਾਂਦਾ ਹੈ। ਇਹ ਸਾਰੇ ਗ੍ਰਹਿ ਲਾਲ ਰੰਗ ਦੇ ਤਾਰਿਆਂ ਦਾ ਚੱਕਰ ਲਗਾ ਰਹੇ ਹਨ। ਲਾਲ ਤਾਰੇ ਆਕਾਰ 'ਚ ਸਧਾਰਨ ਤੌਰ 'ਤੇ ਛੋਟੇ ਅਤੇ ਜ਼ਿਆਦਾ ਠੰਡੇ ਹੁੰਦੇ ਹਨ।
ਵਿਗਿਆਨੀਆਂ ਮੁਤਾਬਕ ਲਾਲ ਤਾਰਿਆਂ ਦੇ ਅਧਿਐਨ ਨਾਲ ਭਵਿੱਖ ਵਿਚ ਐਕਸੋਪਲੈਨੇਟ ਨਾਲ ਜੁੜੀਆਂ ਰੌਚਕ ਜਾਣਕਾਰੀਆਂ ਮਿਲ ਸਕਦੀਆਂ ਹਨ। ਇਨ੍ਹਾਂ ਦੇ ਅਧਿਐਨ ਨਾਲ ਬ੍ਰਹਿਮੰਡ ਵਿਚ ਮੌਜੂਦ ਗ੍ਰਹਿਆਂ ਦੇ ਵਿਕਾਸ ਸਬੰਧੀ ਜਾਣਕਾਰੀਆਂ ਮਿਲ ਸਕਦੀਆਂ ਹਨ। ਇਸ ਜਾਂਚ ਵਿਚ 3 ਅਜਿਹੇ ਗ੍ਰਹਿ ਖੋਜੇ ਗਏ, ਜਿਨ੍ਹਾਂ ਨੂੰ ਸੁਪਰ ਅਰਥ ਕਿਹਾ ਜਾ ਰਿਹਾ ਹੈ। ਇਹ ਗ੍ਰਹਿ ਧਰਤੀ ਤੋਂ 200 ਪ੍ਰਕਾਸ਼ ਸਾਲ ਦੂਰ ਸਥਿਤ ਕੇ - 2 - 155 ਤਾਰਿਆਂ ਦਾ ਚੱਕਰ ਲਗਾ ਰਹੇ ਹਨ। ਇਨ੍ਹਾਂ ਦੇ ਆਕਾਰ ਦੀ ਗੱਲ ਕਰੀਏ ਤਾਂ ਇਹ ਤਿੰਨੋਂ ਗ੍ਰਹਿ ਧਰਤੀ ਤੋਂ ਆਕਾਰ 'ਚ ਵਡੇ ਹਨ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਤਾਰਿਆਂ ਦਾ ਚੱਕਰ ਲਗਾ ਰਹੇ ਸੱਭ ਤੋਂ ਬਾਹਰੀ ਗ੍ਰਹਿ ਕੇ - 2 - 155 ਡੀ 'ਤੇ ਪਾਣੀ ਹੋ ਸਕਦਾ ਹੈ। ਇਸ ਦੀ ਪੁਸ਼ਟੀ ਲਈ ਕੇ - 2 - 155 ਦੇ ਆਕਾਰ ਅਤੇ ਤਾਪਮਾਨ ਦਾ ਸਹੀ ਅਨੁਮਾਨ ਲਗਾਉਣਾ ਹੋਵੇਗਾ। ਇਸ ਖੋਜ ਵਿਚ ਅਮਰੀਕੀ ਆਕਾਸ਼ ਏਜੰਸੀ ਨਾਸਾ ਅਪ੍ਰੈਲ ਵਿਚ ਟਰਾਂਜਿਟਿੰਗ ਐਕਸੋਪਲੈਨੇਟ ਸਰਵੇ ਸੈਟਲਾਇਟ ਲਾਂਚ ਕਰਨ ਜਾ ਰਹੀ ਹੈ। ਇਸ ਅਭਿਆਨ ਦੇ ਤਹਿਤ ਹੋਰ ਜ਼ਿਆਦਾ ਐਕਸੋਪਲੈਨੇਟ ਦਾ ਪਤਾ ਲਗਾਇਆ ਜਾਣਾ ਹੈ।