
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਅਤੇ ਭਾਰਤ ਵਰਗੇ ਦੇਸ਼ਾਂ ਨੂੰ ਅਮਰੀਕੀ ਟੈਰਿਫ ਦੇ ਅਨੁਸਾਰ ਨਾ ਚਲਣ 'ਤੇ ਜਵਾਬੀ ਟੈਕਸ ਲਗਾਉਣ ਦੀ ਧਮਕੀ ਦਿਤੀ ਹੈ। ਟਰੰਪ ਭਾਰਤ ਵਿਚ ਹਾਰਲੇ ਡੇਵਿਡਸਨ ਬਾਈਕ 'ਤੇ ਲਗਾਏ ਜਾ ਰਹੇ 50 ਫ਼ੀ ਸਦੀ ਡਿਊਟੀ ਨੂੰ ਲੈ ਕੇ ਕਾਫ਼ੀ ਨਾਰਾਜ਼ ਹਨ ਅਤੇ ਪਿਛਲੇ ਦਿਨੀਂ ਇਸ ਵਿਰੁਧ ਕਈ ਵਾਰ ਬੋਲ ਚੁਕੇ ਹਨ। ਹਾਰਲੇ ਡੇਵਿਡਸਨ ਇਕ ਅਮਰੀਕੀ ਕੰਪਨੀ ਹੈ ਅਤੇ ਭਾਰਤ ਵਿਚ ਇਸ ਦੇ ਮੋਟਰਸਾਈਕਲ ਦੀ ਕਾਫ਼ੀ ਵਿਕਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਨ ਸਾਡੇ 'ਤੇ 25 ਫ਼ੀ ਸਦੀ ਚਾਰਜ ਲਗਾਵੇਗਾ ਅਤੇ ਭਾਰਤ 75 ਫ਼ੀ ਸਦੀ ਚਾਰਜ ਕਰੇਗਾ ਤਾਂ ਅਸੀਂ ਵੀ ਇਸ ਦੇ ਜਵਾਬ ਵਿਚ ਉਨਾ ਹੀ ਟੈਕਸ ਲਾਵਾਂਗੇ।
ਵਧਾ ਦਿਤੀ ਆਯਾਤ ਡਿਊਟੀ : ਸਟੀਲ 'ਤੇ 25 ਫ਼ੀ ਸਦੀ ਅਤੇ ਐਲੂਮੀਨੀਅਮ 'ਤੇ 10 ਫ਼ੀ ਸਦੀ ਆਯਾਤ ਡਿਊਟੀ ਲਗਾਈ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਸਟੀਲ ਅਤੇ ਐਲੂਮੀਨੀਅਮ 'ਤੇ ਆਯਾਤ ਕਰ ਲਗਾ ਦਿਤਾ। ਸਟੀਲ 'ਤੇ 25 ਫ਼ੀ ਸਦੀ ਅਤੇ ਐਲੂਮੀਨੀਅਮ 'ਤੇ 10 ਫ਼ੀ ਸਦੀ ਡਿਊਟੀ ਲਗਾਈ ਗਈ ਹੈ। ਇਸ 'ਤੇ 15 ਦਿਨਾਂ ਵਿਚ ਅਮਲ ਹੋਵੇਗਾ। ਮੈਕਸਿਕੋ ਅਤੇ ਕੈਨੇਡਾ ਦੇ ਨਾਲ ਨਾਫਟਾ ਸਮਝੌਤੇ ਦੇ ਤਹਿਤ ਗੱਲਬਾਤ ਚਲ ਰਹੀ ਹੈ। ਇਸ ਲਈ ਇਨ੍ਹਾਂ ਨੂੰ ਹੁਣ ਛੋਟ ਦਿਤੀ ਗਈ ਹੈ। ਦੂਜੇ ਦੇਸ਼ ਛੋਟ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਮਰੀਕੀ ਪ੍ਰਸ਼ਾਸਨ ਨਾਲ ਗੱਲ ਕਰਨੀ ਪਵੇਗੀ। ਫ਼ੈਸਲੇ ਦਾ ਦੁਨੀਆਂ ਭਰ ਵਿਚ ਵਿਰੋਧ ਹੋ ਰਿਹਾ ਹੈ। ਚੀਨ, ਯੂਰਪ ਸਮੇਤ ਜ਼ਿਆਦਾਤਰ ਦੇਸ਼ਾਂ ਨੇ ਬਦਲੇ ਵਿਚ ਅਮਰੀਕੀ ਸਮਾਨ 'ਤੇ ਟੈਕਸ ਲਗਾਉਣ ਜਾਂ ਵਧਾਉਣ ਦੀ ਚਿਤਾਵਨੀ ਦਿਤੀ ਹੈ।
ਆਯਾਤ ਕਰ ਲਗਾਉਣ ਦੇ ਆਦੇਸ਼ 'ਤੇ ਹਸਤਾਖ਼ਰ ਦੇ ਬਾਅਦ ਟਰੰਪ ਨੇ ਕਿਹਾ- ਨੌਂ ਮਹੀਨੇ ਦੀ ਜਾਂਚ ਦੇ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਦਹਾਕਿਆਂ ਤੋਂ ਸਾਡੀ ਇੰਡਸਟਰੀ ਦੂਜੇ ਦੇਸ਼ਾਂ ਦੀ ਗਲ਼ਤ ਨੀਤੀਆਂ ਦਾ ਸ਼ਿਕਾਰ ਹੋਈ ਹੈ। ਸਾਡੇ ਅਨੇਕ ਪਲਾਂਟ ਬੰਦ ਹੋਏ ਅਤੇ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ। ਅਣਉਚਿਤ ਵਪਾਰ ਨੀਤੀਆਂ ਆਰਥਕ ਹੀ ਨਹੀਂ, ਸੁਰੱਖਿਆ ਲਈ ਵੀ ਖ਼ਤਰਨਾਕ ਹਨ।
ਚੀਨ ਨੂੰ ਵੀ ਘੇਰਿਆ : ਚੀਨ ਦਾ ਨਾਮ ਲਏ ਬਿਨਾਂ ਟਰੰਪ ਨੇ ਕਿਹਾ - ਦੂਜੇ ਦੇਸ਼ਾਂ ਨੇ ਮੰਗ ਤੋਂ ਵਧ ਉਤਪਾਦਨ ਸਮਰਥਾ ਦੇ ਪਲਾਂਟ ਲਗਾ ਲਏ ਹਨ। ਸਰਕਾਰੀ ਸਬਸਿਡੀ ਦੇ ਦਮ 'ਤੇ ਉਨ੍ਹਾਂ ਨੇ ਗਲੋਬਲ ਮਾਰਕੀਟ ਨੂੰ ਸਸਤੇ ਮੈਟਲ ਨਾਲ ਭਰ ਦਿਤਾ ਹੈ। ਇਸ ਨਾਲ ਉਨ੍ਹਾਂ ਦੇ ਦੇਸ਼ਾਂ ਵਿਚ ਤਾਂ ਨਵੀਆਂ ਨੌਕਰੀਆਂ ਪੈਦਾ ਹੋਈਆਂ ਪਰ ਸਾਡੇ ਇਥੇ ਖ਼ਤਮ ਹੋ ਗਈਆਂ ਹਨ। ਅਮਰੀਕਾ ਸਭ ਤੋਂ ਜ਼ਿਆਦਾ ਸਟੀਲ ਕੈਨੇਡਾ, ਬ੍ਰਾਜ਼ੀਲ, ਦਖਣੀ ਕੋਰੀਆ, ਰੂਸ, ਮੈਕਸਿਕੋ, ਜਾਪਾਨ ਅਤੇ ਜਰਮਨੀ ਤੋਂ ਆਯਾਤ ਕਰਦਾ ਹੈ। ਚੀਨ ਦੀ ਹਿੱਸੇਦਾਰੀ 2.7 ਫ਼ੀ ਸਦੀ ਹੈ। ਅਮਰੀਕਾ ਨੂੰ ਐਲੂਮੀਨੀਅਮ ਨਿਰਯਾਤ ਕਰਨ ਵਾਲਿਆਂ ਵਿਚ ਵੀ ਕੈਨੇਡਾ ਸੱਭ ਤੋਂ ਉਤੇ ਹੈ। ਇਸ ਤੋਂ ਬਾਅਦ ਚੀਨ ਅਤੇ ਰੂਸ ਹਨ।
ਭਾਰਤ ਦੇ ਸੰਸਾਰ ਦੇ ਭੂਗੋਲਿਕ ਪ੍ਰਦੇਸ਼ਾਂ ਅਤੇ ਵੱਡੇ ਵਪਾਰਕ ਸਮੂਹਾਂ ਦੇ ਨਾਲ ਵਪਾਰਕ ਸਬੰਧ ਹਨ ਜਿਸ ਵਿਚ ਪੱਛਮ ਵਾਲਾ ਯੂਰਪ, ਪੂਰਬੀ ਯੂਰਪ, ਰੂਸ ਅਤੇ ਏਸ਼ੀਆ, ਅਫ਼ਰੀਕਾ, ਉੱਤਰੀ ਅਮਰੀਕਾ ਅਤੇ ਲੈਟਿਨ ਅਮਰੀਕਾ ਆਉਂਦੇ ਹਨ। 1950 - 51 ਵਿਚ ਭਾਰਤ ਦਾ ਕੁਲ ਵਿਦੇਸ਼ ਵਪਾਰ (ਆਯਾਤ ਅਤੇ ਨਿਰਯਾਤ) 1214 ਕਰੋੜ ਸੀ। ਉਦੋਂ ਤੋਂ ਇਹ ਸਮੇਂ-ਸਮੇਂ 'ਤੇ ਮੰਦੀ ਦੇ ਨਾਲ ਲਗਾਤਾਰ ਵਾਧਾ ਕਰਨ ਦਾ ਗਵਾਹ ਹੈ। ਹਾਲਾਂਕਿ, ਇਸ ਸੱਭ ਦੇ ਬਾਵਜੂਦ ਭਾਰਤ ਦੁਨੀਆਂ ਵਿਚ ਸੱਭ ਤੋਂ ਆਯਾਤ ਕਰਨ ਵਾਲੇ ਦੇਸ਼ਾਂ ਵਿਚ ਸ਼ਾਮਲ ਹੈ। 2016 ਵਿਚ ਭਾਰਤ 256 ਅਰਬ ਡਾਲਰ (ਕਰੀਬ 17 ਲੱਖ ਕਰੋੜ) ਦਾ ਨਿਰਯਾਤ ਕਰ ਦੁਨੀਆਂ ਦਾ 18ਵਾਂ ਸੱਭ ਤੋਂ ਵਧ ਨਿਰਯਾਤ ਕਰਨ ਵਾਲਾ ਦੇਸ਼ ਰਿਹਾ। ਇਸ ਤੋਂ ਪਹਿਲਾਂ 2014 ਵਿਚ ਭਾਰਤ 300 ਅਰਬ ਡਾਲਰ ਤੋਂ ਵਧ ਨਿਰਯਾਤ ਕਰ 14ਵੇਂ ਨੰਬਰ 'ਤੇ ਸੀ।