
ਵਾਸ਼ਿੰਗਟਨ : ਅਮਰੀਕਾ ਵਿਚ ਫ਼ਲੋਰੀਡਾ ਦੇ ਕੀਅ ਵੈੱਸਟ ਸਮੁੰਦਰੀ ਕਿਨਾਰੇ ਸਮੁੰਦਰੀ ਫ਼ੌਜ ਦਾ ਇਕ ਲੜਾਕੂ ਜਹਾਜ਼ ਐੱਫ਼/ਏ-18 ਐੱਫ਼ ਸੁਪਰ ਹਾਰਨੇਟ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਕਾਰਨ ਇਕ ਪਾਇਲਟ ਅਤੇ ਇਕ ਹਥਿਆਰ ਪ੍ਰਬੰਧਨ ਦੇ ਅਧਿਕਾਰੀ ਦੀ ਮੌਤ ਹੋ ਗਈ। ਸਮੁੰਦਰੀ ਫ਼ੌਜ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਬੁੱਧਵਾਰ ਨੂੰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਾਦਸੇ ਤੋਂ ਬਾਅਦ ਪਾਇਲਟ ਅਤੇ ਅਧਿਕਾਰੀ ਨੂੰ ਸਮੁੰਦਰ 'ਚੋਂ ਕਢਿਆ ਗਿਆ। ਉਨ੍ਹਾਂ ਕਿਹਾ ਕਿ ਕੀਅ ਵੈੱਸਟ ਸਮੁੰਦਰੀ ਫ਼ੌਜੀ ਸਟੇਸ਼ਨ ਪੁੱਜਣ ਤੋਂ ਪਹਿਲਾਂ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਪ੍ਰਤੱਖਦਰਸ਼ੀ ਲੋਕਾਂ ਨੇ ਦਸਿਆ ਕਿ ਸਮੁੰਦਰੀ ਫ਼ੌਜ ਦੇ ਜਹਾਜ਼ 'ਚ ਛੋਟਾ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ। ਪਾਇਲਟ ਅਤੇ ਅਧਿਕਾਰੀ ਨੂੰ ਲੋਅਰ ਕੀਅ ਮੈਡੀਕਲ ਸੈਂਟਰ ਲਿਜਾਇਆ ਗਿਆ ਪਰ ਉਥੇ ਉਨ੍ਹਾਂ ਦੀ ਮੌਤ ਹੋ ਗਈ। ਸਥਾਨਕ ਸਮੇਂ ਮੁਤਾਬਕ ਘਟਨਾ ਬੁਧਵਾਰ ਸ਼ਾਮ 4.30 ਵਜੇ ਵਾਪਰੀ। ਲੋਕਾਂ ਨੇ ਕਿਹਾ ਕਿ ਇਸ ਦਾ ਦ੍ਰਿਸ਼ ਕਿਸੇ ਫ਼ਿਲਮ ਵਰਗਾ ਲੱਗ ਰਿਹਾ ਸੀ। ਇਸ ਤੋਂ ਪਹਿਲਾਂ ਕਿ ਕੋਈ ਸਮਝ ਸਕਦਾ ਹਵਾ 'ਚ ਹਿਲਦਾ ਹੋਇਆ ਜਹਾਜ਼ ਸਮੁੰਦਰ 'ਚ ਡਿੱਗ ਪਿਆ।