
ਵੀਰਾਨ ਇਲਾਕੇ ਵਿੱਚ ਕਾਰ ਦੇ ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਇੱਕ ਨੌਜਵਾਨ 140 ਕਿਲੋਮੀਟਰ ਪੈਦਲ ਚੱਲਿਆ ਅਤੇ ਲੰਮੇ ਸਫਰ ਦੌਰਾਨ ਉਸਨੂੰ ਜ਼ਿੰਦਾ ਰਹਿਣ ਲਈ ਆਪਣਾ ਹੀ ਪਿਸ਼ਾਬ ਵੀ ਪੀਣਾ ਪਿਆ। ਇਹ ਨੌਜਵਾਨ ਹੈ ਥਾਮਸ ਮੈਸਨ ਜੋ ਆਸਟ੍ਰੇਲੀਆ ਦੀ ਉੱਤਰੀ ਅਤੇ ਦੱਖਣੀ ਸੀਮਾ 'ਤੇ ਦੂਰ ਦੁਰਾਡੇ ਇਲਾਕੇ ਵਿੱਚ ਟੈਕਨੀਸ਼ੀਅਨ ਵਜੋਂ ਕੰਮ ਕਰ ਰਿਹਾ ਸੀ।
ਕੰਮ ਖਤਮ ਹੋਣ 'ਤੇ ਵਾਪਸੀ ਵੇਲੇ ਜਦੋਂ ਉਹ ਯੂਲਾਣਾ ਕੋਲੋਂ ਲੰਘ ਰਿਹਾ ਸੀ ਤਾਂ ਅਚਾਨਕ ਜੰਗਲੀ ਊਠਾਂ ਦਾ ਝੁੰਡ ਕਾਰ ਅੱਗੇ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਥਾਮਸ ਦਾ ਸੱਟ ਤੋਂ ਤਾਂ ਬਚਾਅ ਹੋ ਗਿਆ ਪਰ ਉਸਦੀ ਕਾਰ ਬੁਰੀ ਤਰਾਂ ਨਾਲ ਨਸ਼ਟ ਹੋ ਗਈ।
ਵੀਰਾਨ ਇਲਾਕੇ ਵਿੱਚ ਅਤੇ ਉਹ ਇਕੱਲਾ ਫਸ ਗਿਆ ਅਤੇ ਉਸ ਕੋਲ ਖਾਣ ਪੀਣ ਲਈ ਵੀ ਕੁਝ ਨਹੀਂ ਸੀ। ਦੁਰਘਟਨਾ ਦੌਰਾਨ ਮੈਸਨ ਦਾ ਫੋਨ ਵੀ ਟੁੱਟ ਗਿਆ। ਕੁਝ ਕੱਪੜੇ ਅਤੇ ਇੱਕ ਟਾਰਚ ਲੈ ਕੇ ਉਸਨੇ ਤੁਰਨਾ ਸ਼ੁਰੂ ਕਰ ਦਿੱਤਾ। ਦੋ ਦਿਨ ਤੱਕ ਮੈਸਨ ਤੁਰਦਾ ਰਿਹਾ ਅਤੇ ਇਸ ਦੌਰਾਨ ਪਿਆਸ ਬੁਝਾਉਣ ਲਈ ਉਸਨੂੰ ਆਪਣਾ ਪਿਸ਼ਾਬ ਵੀ ਪੀਣ ਲਈ ਮਜਬੂਰ ਹੋਣਾ ਪਿਆ।
ਮੈਸਨ ਦਾ ਕਹਿਣਾ ਹੈ ਕਿ ਰਸਤੇ ਵਿੱਚ ਤਿੰਨ ਚਾਰ ਵਾਰ ਉਸਦਾ ਹੌਸਲਾ ਟੁੱਟਿਆ ਪਰ ਉਹ ਦੁਬਾਰਾ ਫੇਰ ਹਿੰਮਤ ਜੁਟਾਉਂਦਾ ਰਿਹਾ। ਪੁਲਿਸ ਦੇ ਦੱਸਣ ਮੁਤਾਬਿਕ ਪਾਣੀ ਦੀ ਕਮੀ ਅਤੇ ਥਕਾਨ ਦੇ ਬਾਵਜੂਦ ਮੈਸਨ ਚੜ੍ਹਦੀਕਲਾ ਵਿੱਚ ਸੀ।