
ਮੁੰਬਈ : ਬਾਲੀਵੁਡ ਅਦਾਕਾਰਾ ਸੋਨਮ ਕਪੂਰ ਨੇ ਦੁਨੀਆਂ ਦੇ ਸੱਭ ਤੋਂ ਤਾਕਤਵਰ ਦੇਸ਼ ਭਾਵ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇਕ ਵੱਡੀ ਚੋਟ ਕੀਤੀ ਹੈ। ਇਹ ਗੱਲ ਸੁਣ ਕੇ ਸ਼ਾਇਦ ਖ਼ੁਦ ਡੋਨਾਲਡ ਟਰੰਪ ਨੂੰ ਅਪਣੇ ਕੰਨਾਂ 'ਤੇ ਵੀ ਯਕੀਨ ਨਾ ਹੋਵੇ। ਦੱਸ ਦੇਈਏ ਕਿ ਅਸਲ 'ਚ ਸੋਨਮ ਕੂਪਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 'ਮੂਰਖ' ਕਿਹਾ ਹੈ। ਸੋਨਮ ਦਾ ਕਹਿਣਾ ਹੈ ਕਿ ਟਰੰਪ ਨੂੰ ਭਾਰਤ ਤੋਂ ਕੁੱਝ ਸਿੱਖ ਲੈਣਾ ਚਾਹੀਦਾ ਹੈ। ਲਗਦਾ ਹੈ ਕਿ ਸੋਨਮ ਕਪੂਰ ਟਰੰਪ ਤੋਂ ਕਾਫ਼ੀ ਨਾਰਾਜ਼ ਹੈ।
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਦੇ ਇਕ ਫ਼ੈਸਲੇ ਤੋਂ ਸੋਨਮ ਬਹੁਤ ਨਾਰਾਜ਼ ਹੈ। ਅਸਲ 'ਚ ਅਮਰੀਕੀ ਰਾਸ਼ਟਰਪਤੀ ਨੇ ਸ਼ਿਕਾਰ ਦੌਰਾਨ ਮਾਰੇ ਗਏ ਹਾਥੀਆਂ ਦੇ ਅੰਗਾਂ ਨੂੰ ਅਮਰੀਕਾ ਦਰਾਮਦ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਹਾਲਾਂਕਿ ਓਬਾਮਾ ਪ੍ਰਸ਼ਾਸਨ ਨੇ ਇਸ ਫ਼ੈਸਲੇ 'ਤੇ ਰੋਕ ਲਾਈ ਹੋਈ ਸੀ। ਟਰੰਪ ਦੇ ਇਸ ਫ਼ੈਸਲੇ 'ਤੇ ਜੰਗਲੀ ਜੀਵ ਸਮੂਹ ਤੇ ਕਈ ਗ਼ੈਰ ਸਰਕਾਰੀ ਸੰਗਠਨਾਂ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ ਤੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਵੀ ਕੀਤੀ ਹੈ।
ਇਸ ਲਈ ਇਸ ਮਾਮਲੇ 'ਚ ਸੋਨਮ ਕਪੂਰ ਨੇ ਵੀ ਟਰੰਪ ਨੂੰ 'ਮੂਰਖ' ਕਿਹਾ ਹੈ ਤੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਕੀਤੀ ਹੈ। ਸੋਨਮ ਕਪੂਰ ਨੇ ਟਵੀਟ ਕੀਤਾ ਹੈ ਕਿ ਭਾਰਤ 'ਚ ਸ਼ਿਕਾਰ ਗ਼ੈਰ-ਕਾਨੂੰਨੀ ਹੈ, ਇਹ ਇਹ ਅਜਿਹੀ ਚੀਜ਼ ਹੈ ਜੋ ਦੁਨੀਆਂ ਸਾਡੇ ਤੋਂ ਸਿਖਦੀ ਹੈ, ਟਰੰਪ ਮੂਰਖ ਹੈ, ਅਸਲ 'ਚ ਸੋਨਮ ਕਪੂਰ ਨੇ ਇਹ ਟਵੀਟ ਇਕ ਟਵੀਟ ਦੇ ਜਵਾਬ 'ਚ ਲਿਖਿਆ ਹੈ। ਸੋਨਮ ਨੇ ਇਸ ਟਵੀਟ ਨੂੰ ਅਮਰੀਕੀ ਰਾਸ਼ਟਰਪਤੀ ਦਾ ਟੈਗ ਵੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸ਼ਿਕਾਰ ਨਾਲ ਜੁੜੇ ਸੰਗਠਨਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਇਸ ਫ਼ੈਸਲੇ ਨਾਲ ਹਾਥੀਆਂ ਦੀ ਸੁਰੱਖਿਆ 'ਚ ਮਦਦ ਮਿਲੇਗੀ। ਅਮਰੀਕਾ ਦੇ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਤੇ ਸਫ਼ਾਰੀ ਕਲੱਬ ਇੰਟਰਨੈਸ਼ਨਲ ਫਾਊਂਡੇਸ਼ਨ ਨੇ ਕਿਹਾ ਹੈ ਕਿ ਅਫ਼ਰੀਕਾ ਦੇਸ਼ਾਂ 'ਚ ਸ਼ਿਕਾਰ ਕਰਨ ਲਈ ਰਾਜ ਸਰਕਾਰ ਭਾਰੀ ਮਾਤਰਾ 'ਚ ਪੈਸੇ ਦਿੰਦੀ ਹੈ।
ਉਥੋਂ ਦੀਆਂ ਰਾਜ ਸਰਕਾਰਾਂ ਇਨ੍ਹਾਂ ਪੈਸਿਆਂ ਦੀ ਵਰਤੋਂ ਹਾਥੀਆਂ ਦੀ ਸੁਰੱਖਿਆ ਲਈ ਕਰਦੀਆਂ ਹਨ। ਇਨ੍ਹਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਪੈਸਿਆਂ ਦੀ ਕਮੀ 'ਚ ਇਨ੍ਹਾਂ ਦੇਸ਼ਾਂ 'ਚ ਹਾਥੀਆਂ ਦੀ ਸਹੀ ਦੇਖਭਾਲ ਨਹੀਂ ਹੋ ਪਾਉਂਦੀ ਹੈ। ਅਮਰੀਕਾ 'ਚ ਇਹ ਵਿਵਸਥਾ ਹੈ ਕਿ ਜੇਕਰ ਸ਼ਿਕਾਰ ਕਾਰਨ ਕਿਸੇ ਜਾਨਵਰ ਦੀ ਕਿਸੇ ਖ਼ਾਸ ਨਸਲ ਦੀ ਸੁਰੱਖਿਆ 'ਚ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲਦਾ ਹੈ ਤਾਂ ਉਸ ਜਾਨਵਰ ਨਾਲ ਜੁੜੇ ਅੰਗਾਂ ਨੂੰ ਆਯਾਤ ਕੀਤਾ ਜਾ ਸਕਦਾ ਹੈ।