
ਸਿੱਖ ਅਧਿਕਾਰ ਸੰਸਥਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਕੀਤੀ ਅਪੀਲ
ਟੋਰੰਟੋ, 17 ਫ਼ਰਵਰੀ (ਸਰਬਜੀਤ ਸਿੰਘ ਬਨੂੜ): ਭਾਰਤ ਵਲੋਂ ਸਿੱਖ ਵੱਖਵਾਦੀਆਂ 'ਤੇ ਕੀਤੇ ਜਾਂਦੇ ਤਸ਼ਦਦ ਦਾ ਜ਼ਿਕਰ ਕਰਦਿਆਂ ਅਤੇ ਭਾਰਤੀ ਪੁਲਿਸ ਅਧਿਕਾਰੀਆਂ ਵਲੋਂ ਕੈਨੇਡੀਅਨ ਮੰਤਰੀ ਅਮਰਜੀਤ ਸੋਹੀ 'ਤੇ ਕੀਤੇ ਤਸ਼ੱਦਦ ਦਾ ਹਵਾਲਾ ਦਿੰਦਿਆਂ ਮਨੁੱਖੀ ਅਧਿਕਾਰ ਸੰਸਥਾ ਸਿਖਜ਼ ਫ਼ਾਰ ਜਸਟਿਸ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਭਾਰਤ ਨਾਲ ਹਵਾਲਗੀ ਸੰਧੀ ਤੋਂ ਕੈਨੇਡਾ ਨੂੰ ਤੁਰਤ ਪਿਛੇ ਹਟਾ ਲਵੇ ਜਦ ਤਕ ਮੋਦੀ ਸਰਕਾਰ ਤਸ਼ੱਦਦ ਵਿਰੁਧ ਯੂਐਨ ਕਨਵੈਨਸ਼ਨ ਦੀ ਪੁਸ਼ਟੀ ਨਹੀਂ ਕਰਦੀ। ਦਸਣਯੋਗ ਹੈ ਕਿ ਟਰੂਡੋ 17 ਤੋਂ 23 ਫ਼ਰਵਰੀ ਦਰਮਿਆਨ ਭਾਰਤ ਹਨ ਜਿਸ ਦੌਰਾਨ ਕਈ ਆਪਸੀ ਸਮਝੌਤੇ ਕੀਤੇ ਜਾਣ ਦੀ ਸੰਭਾਵਨਾ ਹੈ। ਬੀਤੀ 13 ਫ਼ਰਵਰੀ ਨੂੰ ਲਿਖੇ ਪੱਤਰ ਵਿਚ ਸਿਖ ਅਧਿਕਾਰ ਸੰਸਥਾ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਟਰੂਡੋ ਭਾਰਤ ਕੋਲ ਇਹ ਮੁੱਦਾ ਉਠਾਉਣ ਕਿ ਉਹ ਤਸ਼ੱਦਦ ਅਤੇ ਹੋਰ ਜਾਲਮਾਨਾ, ਗ਼ੈਰ ਮਨੁੱਖੀ ਜਾਂ ਘਟੀਆ ਵਤੀਰੇ ਜਾਂ ਸਜ਼ਾ (ਸੀ ਏ ਟੀ) ਵਿਰੁਧ ਕਨਵੈਨਸ਼ਨ 'ਤੇ ਦਸਤਖ਼ਤ ਕਰਨ ਵਿਚ ਨਾਕਾਮ ਰਿਹਾ ਹੈ ਅਤੇ ਉਸ ਨੂੰ ਦਸਿਆ ਜਾਵੇ ਕਿ ਭਾਰਤ ਨਾਲ ਕੈਨੇਡਾ ਦੇ ਹਵਾਲਗੀ ਸਬੰਧਾਂ ਨੂੰ ਜਾਰੀ ਰੱਖਣ ਲਈ ਇਕੋ ਇਕ ਸ਼ਰਤ ਹੈ ਸੀਏਟੀ 'ਤੇ ਪੁਸ਼ਟੀ ਕਰਨੀ।
ਪ੍ਰਧਾਨ ਮੰਤਰੀ ਨਾਲ ਭਾਰਤ ਦੌਰੇ 'ਤੇ ਜਾ ਰਹੇ ਬੁਨਿਆਦੀ ਢਾਂਚਾ ਅਤੇ ਭਾਈਚਾਰਿਆਂ ਬਾਰੇ ਮੰਤਰੀ ਅਮਰਜੀਤ ਸੋਹੀ ਨੂੰ 1988 ਵਿਚ ਭਾਰਤੀ ਪੁਲਿਸ ਅਧਿਕਾਰੀਆਂ ਹੱਥੋਂ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀ ਜਦ ਉਨ੍ਹਾਂ ਨੇ ਜ਼ਮੀਨ ਸੁਧਾਰ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ ਸੀ। ਮੰਤਰੀ ਦੇ ਅਪਣੇ ਸ਼ਬਦਾਂ ਵਿਚ ਕਿ ਜਦ ਉਨ੍ਹਾਂ ਨੇ ਮੈਨੂੰ ਵੇਖਿਆ ਇਕ ਸਿੱਖ ਹੈ ਜੋ ਕਿ ਪੰਜਾਬ ਅਤੇ ਕੈਨੇਡਾ ਤੋਂ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਅਤਿਵਾਦੀ ਇਥੇ ਕਿਵੇਂ ਹੈ।ਫ਼ਰਵਰੀ 1987 ਵਿਚ ਸੀਏਟੀ ਦੇ ਅਮਲ ਵਿਚ ਆਉਣ ਤੋਂ ਪਹਿਲਾਂ ਕੈਨੇਡਾ ਅਤੇ ਭਾਰਤ ਨੇ ਆਪਸੀ ਹਵਾਲਗੀ ਸੰਧੀ 'ਤੇ ਦਸਤਖ਼ਤ ਕੀਤੇ ਸਨ। ਇਸ ਸੰਧੀ ਤਹਿਤ ਦੋਵੇਂ ਦੇਸ਼ ਇਕ-ਦੂਜੇ ਦੀ ਬੇਨਤੀ 'ਤੇ ਦੋਸ਼ੀ ਵਿਅਕਤੀ ਨੂੰ ਇਕ-ਦੂਜੇ ਦੇ ਹਵਾਲੇ ਕਰਨ ਲਈ ਪਾਬੰਦ ਹਨ। ਕੈਨੇਡਾ ਨੇ 51 ਦੇਸ਼ਾਂ ਨਾਲ ਆਪਸੀ ਹਵਾਲਗੀ ਸੰਧੀਆਂ ਕੀਤੀਆਂ ਹੋਈਆਂ ਹਨ। ਭਾਰਤ ਅਤੇ ਹੈਤੀ ਦੋ ਅਜਿਹੇ ਦੇਸ਼ ਹਨ ਜੋ ਸੀਏਟੀ ਦਾ ਹਿੱਸਾ ਨਹੀਂ ਹਨ। ਕੈਨੇਡੀਅਨ ਅਦਾਲਤਾਂ ਵਿਚ ਚਲਦੇ ਕੇਸਾਂ ਦਾ ਹਵਾਲਾ ਦਿੰਦਿਆਂ ਸਿਖਜ਼ ਫ਼ਾਰ ਜਸਟਿਸ ਵਲੋਂ ਪ੍ਰਧਾਨ ਮੰਤਰੀ, ਨਿਆਂ ਮੰਤਰੀ ਅਤੇ ਕੈਨੇਡਾ ਦੇ ਅਟਾਰਨੀ ਜਨਰਲ ਨੂੰ ਲਿੱਖ ਪੱਤਰ ਵਿਚ ਭਾਰਤ ਨਾਲ ਹਵਾਲਗੀ ਸੰਧੀ ਵਾਪਸ ਲੈਣ ਦੀ ਮੰਗ ਨੂੰ ਉਚਤ ਕਰਾਰਿਆ ਗਿਆ ਹੈ।