
ਕਿਹਾ, ਅਜੇ ਵੀ ਡੋਕਲਾਮ ਖੇਤਰ 'ਚ ਤਣਾਅ ਜਾਰੀ
ਨਵੀਂ ਦਿੱਲੀ, 5 ਅਕਤੂਬਰ: ਹਵਾਈ ਫ਼ੌਜ ਮੁਖੀ ਬੀ.ਐਸ. ਧਨੋਆ ਨੇ ਅੱਜ ਕਿਹਾ ਕਿ ਭਾਰਤੀ ਹਵਾਈ ਫ਼ੌਜ ਚੀਨ ਅਤੇ ਪਾਕਿਸਤਾਨ ਨਾਲ ਇਕੱਠੀ ਜੰਗ ਹੋਣ ਦੀ ਸੂਰਤ 'ਚ ਦੋਹਾਂ ਦੇਸ਼ਾਂ ਦੇ ਹਮਲੇ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਏਅਰ ਚੀਫ਼ ਮਾਰਸ਼ਲ ਨੇ ਅਜਿਹੇ ਸੰਕੇਤ ਦਿਤੇ ਕਿ ਡੋਕਲਾਮ ਖੇਤਰ 'ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਕਾਰ ਅਜੇ ਵੀ ਤਣਾਅ ਜਾਰੀ ਹੈ।ਧਨੋਆ ਨੇ ਕਿਹਾ ਕਿ ਚੀਨੀ ਫ਼ੌਜੀ ਅਜੇ ਵੀ ਚੁੰਬੀ ਵਾਦੀ 'ਚ ਸਥਿਤ ਹਨ ਜੋ ਕਿ ਡੋਕਲਾਮ ਪਠਾਰ 'ਚ ਸਥਿਤ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਦਾ ਸ਼ਾਂਤਮਈ ਹੱਲ ਦੋਹਾਂ ਦੇਸ਼ਾਂ ਦੇ ਹਿੱਤ 'ਚ ਹੋਵੇਗਾ। 8 ਅਕਤੂਬਰ ਨੂੰ ਮਨਾਏ ਜਾ ਰਹੇ ਭਾਰਤੀ ਹਵਾਈ ਫ਼ੌਜ ਦਿਵਸ ਤੋਂ ਪਹਿਲਾਂ ਧਨੋਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਅਜੇ ਦੋਵੇਂ ਧਿਰਾਂ ਆਹਮੋ-ਸਾਹਮਣੇ ਨਹੀਂ ਹਨ। ਹਾਲਾਂਕਿ ਚੀਨ ਦੀਆਂ ਫ਼ੌਜਾਂ ਅਜੇ ਵੀ ਚੁੰਬੀ ਵਾਦੀ 'ਚ ਤੈਨਾਤ ਹਨ ਅਤੇ ਮੈਨੂੰ ਲਗਦਾ ਹੈ ਜਦੋਂ ਇਲਾਕੇ 'ਚ ਉਨ੍ਹਾਂ ਦਾ ਅਭਿਆਸ ਪੂਰਾ ਹੋ ਜਾਵੇਗਾ ਉਨ੍ਹਾਂ ਨੂੰ ਪਿੱਛੇ ਹੱਟ ਜਾਣਾ ਚਾਹੀਦਾ ਹੈ।''
ਜਦੋਂ ਉਨ੍ਹਾਂ ਕੋਲੋਂ ਪਾਕਿਸਤਾਨ ਕੋਲ ਮੌਜੂਦ ਪ੍ਰਮਾਣੂ ਹਥਿਆਰਾਂ ਬਾਰੇ ਪੁਛਿਆ ਗਿਆ ਕਿ ਜੇ ਜ਼ਰੂਰਤ ਪਈ ਤਾਂ ਕੀ ਭਾਰਤੀ ਹਵਾਈ ਫ਼ੌਜ ਪਾਕਿਸਤਾਨ ਦੇ ਪ੍ਰਮਾਣੂ ਹਥਿਆਰ ਖ਼ਤਮ ਕਰ ਸਕਦੀ ਹੈ, ਤਾਂ ਧਨੋਆ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਸਰਹੱਦ ਪਾਰ ਪ੍ਰਮਾਣੂ ਅਤੇ ਹੋਰ ਕਿਸੇ ਵੀ ਸਥਾਨ ਦੀ ਪਛਾਣ ਕਰਨ ਅਤੇ ਹਮਲਾ ਕਰ ਕੇ ਤਬਾਹ ਕਰਨ ਦੇ ਕਾਬਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਚੀਨ ਅਤੇ ਪਾਕਿਸਤਾਨ ਨਾਲ ਇਕੋ ਵੇਲੇ ਜੰਗ 'ਚ ਲੋਹਾ ਲੈਣ ਦੇ ਕਾਬਲ ਹੈ ਪਰ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਹਵਾਈ ਫ਼ੌਜ 2032 ਤਕ ਅਪਣੀ 42 ਫ਼ਾਇਟਰ ਸਕੁਆਡਰਨ ਦੀ ਸਮਰਥਾ ਹਾਸਲ ਕਰ ਲਵੇਗੀ ਜੋ ਕਿ ਦੋ ਮੋਰਚਿਆਂ ਉਤੇ ਜੰਗ ਲੜਨ ਲਈ ਚਾਹੀਦੀ ਹੈ। ਉਨ੍ਹਾਂ ਕਿਹਾ ਪਰ ਇਸ ਦਾ ਮਤਲਬ ਇਹ ਨਹੀਂ ਹੁਣ ਅਸੀ ਇਹ ਜੰਗ ਨਹੀਂ ਲੜ ਸਕਦੇ ਅਤੇ ਸਾਡੇ ਕੋਲ ਦੂਜੇ ਬਦਲ ਵੀ ਮੌਜੂਦ ਹਨ। ਇਸ ਵੇਲੇ ਭਾਰਤ ਕੋਲ 33 ਲੜਾਕੂ ਸਕੁਆਡਰਨਾਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜਨਰਲ ਬਿਪਿਨ ਰਾਵਤ ਨੇ ਕਿਹਾ ਸੀ ਕਿ ਦੇਸ਼ ਨੂੰ ਦੋ ਮੋਰਚਿਆਂ ਉਤੇ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਸੀ ਕਿ ਚੀਨ ਨੇ ਅਪਣੀ ਤਾਕਤ ਦਾ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਹੈ ਜਦਕਿ ਪਾਕਿਸਤਾਨ ਵਲੋਂ ਵੀ ਸ਼ਾਂਤੀ ਦੀ ਕੋਈ ਗੁੰਜਾਇਸ਼ ਨਹੀਂ ਹੈ ਜਿਸ ਦੀ ਫ਼ੌਜ ਅਤੇ ਸਿਆਸੀ ਅਗਵਾਈ ਭਾਰਤ ਨੂੰ ਇਕ ਵਿਰੋਧੀ ਵਜੋਂ ਵੇਖਦੀ ਹੈ। ਸਰਹੱਦ ਪਾਰ ਸਰਜੀਕਲ ਸਟਰਾਈਕ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਫ਼ੌਜ ਕਿਸੇ ਵੀ ਚੁਨੌਤੀ ਲਈ ਅਿਤਾਰ ਹੈ ਪਰ ਇਸ ਬਾਰੇ ਫ਼ੈਸਲਾ ਸਰਕਾਰ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜੰਮੂ-ਕਸ਼ਮੀਰ 'ਚ ਸਰਜੀਕਲ ਸਟਰਾਈਕ ਅਤੇ ਮਿਆਂਮਾਰ ਆਪਰੇਸ਼ਨ ਦੌਰਾਨ ਹਵਾਈ ਫ਼ੌਜ ਦੀ ਮਦਦ ਨਹੀਂ ਮੰਗੀ ਗਈ ਸੀ। (ਪੀਟੀਆਈ)