
ਨਵੀਂ ਦਿੱਲੀ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੌਰੇ ਦੌਰਾਨ ਪੰਜਾਬੀ ਰੰਗ 'ਚ ਰੰਗੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਦਿੱਲੀ 'ਚ ਇਕ ਪ੍ਰੋਗਰਾਮ 'ਚ ਢੋਲ ਦੇ ਡਗੇ 'ਤੇ ਭੰਗੜਾ ਪਾਇਆ। ਜਸਟਿਨ ਨੇ ਕਾਲੇ ਰੰਗ ਦੀ ਸ਼ੇਰਵਾਨੀ ਪਹਿਨੀ ਤਾਂ ਉਨ੍ਹਾਂ ਦੀ ਪਤਨੀ ਸੋਫੀ ਨੇ ਸਾੜ੍ਹੀ ਪਹਿਨੀ ਸੀ। ਢੋਲ ਵੱਜਦੇ ਹੀ ਉਨ੍ਹਾਂ ਨੇ ਭੰਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਪ੍ਰੋਗਰਾਮ 'ਚ ਆਏ ਲੋਕਾਂ ਨੂੰ ਟਰੂਡੋ ਦਾ ਭੰਗੜਾ ਬਹਤ ਪਸੰਦ ਆਇਆ ਅਤੇ ਉਨ੍ਹਾਂ ਨੇ ਤਾੜੀਆਂ ਅਤੇ ਸੀਟੀਆਂ ਨਾਲ ਉਨ੍ਹਾਂ ਦਾ ਹੌਂਸਲਾ ਵਧਾਇਆ।
12 ਘੰਟੇ ਵਿਚ ਹੀ ਇਸ ਵੀਡੀਓ ਨੂੰ 60 ਹਜਾਰ ਵਿਊਜ ਮਿਲੇ। ਉਨ੍ਹਾਂ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਟਰੂਡੋ ਦੀ ਪਤਨੀ ਸੋਫੀ ਅਤੇ ਹਾਈ ਕਮਿਸ਼ਨਰ ਨਾਦਿਰ ਪਟੇਲ ਵੀ ਇਸ ਮੌਕੇ ਸਟੇਜ 'ਤੇ ਸਨ ਅਤੇ ਉਹ ਵੀ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਟਰੂਡੋ ਦਾ ਦਿੱਲੀ 'ਚ ਨਿੱਘਾ ਸਵਾਗਤ ਹੋਇਆ ਅਤੇ ਟਰੂਡੋ ਦੀ ਖੁਸ਼ੀ ਦੇਖਦਿਆਂ ਹੀ ਬਣਦੀ ਸੀ। ਹਰੇਕ ਦੀ ਅੱਖ ਟਰੂਡੋ 'ਤੇ ਹੀ ਸੀ। ਟਰੂਡੋ ਦੀ ਭੰਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ ਅਤੇ ਹਰ ਕੋਈ ਕਹਿ ਰਿਹਾ ਹੈ ਕਿ ਟਰੂਡੋ 'ਤੇ ਪੰਜਾਬੀ ਰੰਗ ਚੜ੍ਹ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਤੋਂ ਭਾਰਤ ਦੌਰੇ 'ਤੇ ਹਨ ਅਤੇ ਉਹ ਸ਼ੁੱਕਰਵਾਰ ਸਵੇਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਸ਼ਟਰਪਤੀ ਭਵਨ 'ਚ ਮਿਲੇ। ਕੈਨੇਡੀਅਨ ਪੀ.ਐੱਮ ਦਾ ਮੋਦੀ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਪੀਐਮ ਮੋਦੀ ਅਤੇ ਜਸਟਿਨ ਟਰੂਡੋ ਦੀ ਹੋਣ ਵਾਲੀ ਮੁਲਾਕਾਤ ਕਾਫ਼ੀ ਅਹਿਮ ਹੈ। ਇਸਤੋਂ ਪਹਿਲਾਂ ਪੀਐਮ ਮੋਦੀ ਨੇ ਇਸ ਮੁਲਾਕਾਤ ਨੂੰ ਲੈ ਕੇ ਟਵੀਟ ਕੀਤਾ ਅਤੇ ਕਿਹਾ ਕਿ ਇਹ ਦੋ-ਪੱਖੀ ਗੱਲਬਾਤ ਦੋਨਾਂ ਦੇਸ਼ਾਂ ਦੇ ਸਬੰਧਾਂ ਵਿਚ ਮਜਬੂਤੀ ਲਿਆਉਣ ਲਈ ਕਾਫ਼ੀ ਅਹਿਮ ਹੈ ਅਤੇ ਉਹ ਇਸਦਾ ਇੰਤਜਾਰ ਕਰ ਰਹੇ ਹਨ।