
ਪਿਓਗਯਾਂਗ-ਆਪਣੀਆਂ ਮਿਜ਼ਾਈਲਾਂ ਨਾਲ ਦੁਨੀਆ ਚ ਹਡ਼ਕੰਪ ਮਚਾਉਣ ਵਾਲਾ ਉੱਤਰ ਕੋਰੀਆ ਆਪਣੇ ਦੇਸ਼ ਵਿੱਚ ਹੀ ਮਿਜ਼ਾਈਲ ਸੁੱਟ ਬੈਠਾ ਹੈ। ਉੱਤਰੀ ਕੋਰੀਆ ਵਲੋਂ ਇਕ ਬੈਲਿਸਟਿਕ ਮਿਜ਼ਾਈਲ ਦਾਗਣ ਦੇ ਤੁਰੰਤ ਬਾਅਦ ਉਹ ਉਸ ਦੇ ਆਪਣੇ ਹੀ ਸ਼ਹਿਰ ‘ਚ ਜਾ ਡਿੱਗੀ, ਹਾਲਾਂਕਿ ਇਸ ਨਾਲ ਹੋਣ ਵਾਲੀਆਂ ਮੌਤਾਂ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ 28 ਅਪ੍ਰੈਲ ਨੂੰ ਸਵਾਸਾਂਗ-12 ਨਾਂਅ ਦੀ ਬੈਲਿਸਟਿਕ ਮਿਜ਼ਾਈਲ ਸਬੰਧੀ ਸ਼ੁਰੂ ‘ਚ ਇਹ ਸਮਝਿਆ ਜਾ ਰਿਹਾ ਸੀ ਕਿ ਉਹ ਤਬਾਹ ਹੋ ਗਈ ਸੀ ਪਰ ਜੋ ਨਵੇਂ ਤੱਥ ਸਾਹਮਣੇ ਆ ਰਹੇ ਹਨ, ਉਨ੍ਹਾਂ ਅਨੁਸਾਰ ਉਹ ਮਿਜ਼ਾਈਲ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਗਯਾਂਗ ਤੋਂ ਕਰੀਬ 90 ਮੀਲ ਦੂਰ ਟੋਕਚੋਨ ਸ਼ਹਿਰ ਦੇ ਉੱਪਰ ਜਾ ਡਿਗੀ ਸੀ | ਇਸ ਸ਼ਹਿਰ ਦੀ ਕੁੱਲ ਆਬਾਦੀ 2 ਲੱਖ ਤੋਂ ਵੱਧ ਹੈ।
‘ਡਿਪਲੋਮੈਟ’ ਮੈਗਜ਼ੀਨ ਨੇ ਅਮਰੀਕੀ ਖ਼ਫੀਆ ਸੂਤਰਾਂ ਅਤੇ ਉਪਗ੍ਰਹਿ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਰਿਪੋਰਟ ‘ਚ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਸ਼ਹਿਰ ਦੇ ਉੱਪਰ ਆ ਕੇ ਮਿਜ਼ਾਈਲ ਦੇ ਫਟ ਜਾਣ ਕਾਰਨ ਇਮਾਰਤਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਰਿਪੋਰਟ ਅਨੁਸਾਰ ਉੱਤਰੀ ਕੋਰੀਆ ਦੇ ਤਾਨਾਸ਼ਾਹ ਦੇ ਚੱਲਦਿਆਂ ਇਹ ਪੁਸ਼ਟੀ ਕਰਨਾ ਸੰਭਵ ਨਹੀਂ ਹੈ ਕਿ ਇਸ ਦੌਰਾਨ ਕਿੰਨੀਆ ਮੌਤਾਂ ਹੋਈਆਂ ਸਨ।