
ਨਵੀਂ ਦਿੱਲੀ : ਸ਼ੁਕਰਵਾਰ ਰਾਤ ਫ਼ਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕ੍ਰੋਨ ਚਾਰ ਦਿਨਾਂ ਯਾਤਰਾ 'ਤੇ ਭਾਰਤ ਪੁੱਜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਮੈਕ੍ਰੋਨ ਨਾਲ ਉਨ੍ਹਾਂ ਦੀ ਪਤਨੀ ਬ੍ਰਿਜਿਟ ਮੈਰੀ ਕਲਾਊਡ ਮੈਕ੍ਰੋਨ ਤੋਂ ਇਲਾਵਾ ਉਨ੍ਹਾਂ ਦੇ ਮੰਤਰੀ ਮੰਡਲ ਦੇ ਸੀਨੀਅਰ ਮੰਤਰੀ ਆਏ ਹਨ। ਮੋਦੀ ਅਤੇ ਮੈਕ੍ਰੋਨ ਦਰਮਿਆਨ ਸਨਿਚਰਵਾਰ ਨੂੰ ਗੱਲਬਾਤ ਦੌਰਾਨ ਹਿੰਦ ਮਹਾਸਾਗਰ 'ਚ ਸਹਿਯੋਗ ਵਧਾਉਣ ਦਾ ਮੁੱਦਾ ਪਹਿਲ ਦੇ ਅਾਧਾਰ 'ਤੇ ਲਿਆਂਦਾ ਜਾ ਸਕਦਾ ਹੈ।
ਉਨ੍ਹਾਂ ਦੀ ਇਸ ਯਾਤਰਾ ਦੌਰਾਨ ਦੋਹੇਂ ਦੇਸ਼ ਵੱਖ-ਵੱਖ ਖੇਤਰਾਂ, ਖ਼ਾਸ ਕਰ ਕੇ ਸਮੁੰਦਰੀ ਸੁਰੱਖਿਆ ਅਤੇ ਅਤਿਵਾਦ ਨਾਲ ਨਜਿੱਠਣ ਲਈ ਖਿਤੇ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਵਿਸ਼ੇਸ਼ ਰੂਪ ਨਾਲ ਗ਼ੌਰ ਕਰਨਗੇ। ਇਸ ਦੌਰਾਨ ਫ਼ਰਾਂਸ ਦੇ ਸਹਿਯੋਗ ਨਾਲ ਬਣ ਰਹੇ ਜੈਤਾਪੁਰ (ਮਹਾਰਾਸ਼ਟਰ) ਪਰਮਾਣੂ ਬਿਜਲੀ ਪਲਾਂਟ ਨੂੰ ਲੈ ਕੇ ਵੀ ਸਮਝੌਤੇ 'ਤੇ ਦਸਤਖ਼ਤ ਹੋਣ ਦੀ ਉਮੀਦ ਹੈ।
ਸੰਯੁਕਤ ਸਕੱਤਰ (ਯੂਰਪ ਪੱਛਮ) ਦੇ ਨਾਗਰਾਜ ਨਾਇਡੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਫ਼ਰਾਂਸ ਵਿਸ਼ੇਸ਼ ਰੂਪ ਨਾਲ ਦਖਣੀ ਏਸ਼ੀਆ 'ਚ ਅਤਿਵਾਦ ਨੂੰ ਲੈ ਕੇ ਭਾਰਤ ਦੇ ਨਜ਼ਰੀਏ ਦਾ ਸਮਰਥਨ ਕਰਦਾ ਹੈ। ਅਸੀਂ ਨਵੇਂ ਖੇਤਰਾਂ ਖ਼ਾਸ ਕਰ ਕੇ ਸਮੁੰਦਰੀ ਸੁਰੱਖਿਆ, ਅਤਿਵਾਦ ਵਿਰੋਧੀ ਉਪਾਅ ਅਤੇ ਅਕਸ਼ੈ ਊਰਜਾ ਵਰਗੇ ਖੇਤਰਾਂ 'ਚ ਦੋਹਾਂ ਦੀ ਵਧਦੀ ਸਹਿਮਤੀ ਦੇਖ ਰਹੇ ਹਾਂ।
ਇਸ ਤੋਂ ਇਲਾਵਾ ਭਾਰਤ ਅਤੇ ਫ਼ਰਾਂਸ ਦਰਮਿਆਨ ਰਣਨੀਤਕ ਹਿੱਸੇਦਾਰੀ 'ਚ ਰੱਖਿਆ, ਪਰਮਾਣੂ ਊਰਜਾ ਅਤੇ ਪੁਲਾੜ ਦੇ ਖੇਤਰ 'ਚ ਸਹਿਯੋਗ ਦਾ ਮਾਮਲਾ ਸ਼ਾਮਲ ਹੈ। ਪੁਲਾੜ ਦੇ ਖੇਤਰ 'ਚ ਭਾਰਤ ਅਤੇ ਫ਼ਰਾਂਸ ਦਰਮਿਆਨ ਇਕ ਮਜ਼ਬੂਤ ਗਠਜੋੜ ਹੈ ਅਤੇ ਅਸੀਂ ਇਸ ਨੂੰ ਨਵੇਂ ਪੱਧਰ 'ਤੇ ਲਿਜਾਣਾ ਪਸੰਦ ਕਰਾਂਗੇ। ਭਾਰਤ ਅਤੇ ਫ਼ਰਾਂਸ ਦਰਮਿਆਨ ਪੁਲਾੜ ਦੇ ਖੇਤਰ 'ਚ ਸਹਿਯੋਗ 5 ਦਹਾਕਿਆਂ ਤੋਂ ਵੀ ਪੁਰਾਣਾ ਹੈ। ਰਵਾਇਤੀ ਖੇਤਰਾਂ ਤੋਂ ਇਲਾਵਾ ਅਕਸ਼ੈ ਊਰਜਾ, ਤੇਜ਼ ਰਫ਼ਤਾਰ ਟਰੇਨ ਅਤੇ ਵਪਾਰ 'ਚ ਸਹਿਯੋਗ ਵਧਾਉਣ 'ਤੇ ਵੀ ਜ਼ੋਰ ਹੋਵੇਗਾ।
ਮੋਦੀ ਨਾਲ ਵਫ਼ਦ ਪੱਧਰ ਦੀ ਵਾਰਤਾ ਤੋਂ ਬਾਅਦ ਮੈਕ੍ਰੋਨ ਵਿਦਿਆਰਥੀਆਂ ਨਾਲ ਇਕ ਖੁਲ੍ਹੀ ਚਰਚਾ 'ਚ ਸ਼ਾਮਲ ਹੋਣਗੇ। ਇਸ 'ਚ ਵੱਖ-ਵੱਖ ਪੱਧਰ ਦੇ ਕਰੀਬ 300 ਵਿਦਿਆਰਥੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਮੈਕ੍ਰੋਨ 'ਗਿਆਨ ਸੰਮੇਲਨ' 'ਚ ਹਿੱਸਾ ਲੈਣਗੇ। ਇਸ 'ਚ ਦੋਹਾਂ ਪੱਖਾਂ ਦੇ 200 ਤੋਂ ਵੱਧ ਅਧਿਆਪਕ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਰਾਸ਼ਟਰਪਤੀ ਮੈਕ੍ਰੋਨ ਕੌਮਾਂਤਰੀ ਸੌਰ ਗਠਜੋੜ (ਆਈ.ਐਸ.ਏ.) ਦੇ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਆਈ.ਐਸ.ਏ. ਭਾਰਤ ਅਤੇ ਫ਼ਰਾਂਸ ਦੀ ਸੰਯੁਕਤ ਪਹਿਲ ਦਾ ਨਤੀਜਾ ਹੈ। ਆਈ.ਐਸ.ਏ. ਸਿਖਰ ਸੰਮੇਲਨ 'ਚ ਕਈ ਦੇਸ਼ਾਂ ਅਤੇ ਸਰਕਾਰ ਦੇ ਮੁਖੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ, ਇਸ 'ਚ ਠੋਸ ਪ੍ਰਾਜੈਕਟਾਂ 'ਤੇ ਜ਼ੋਰ ਦਿਤੇ ਜਾਣ ਦੀ ਸੰਭਾਵਨਾ ਹੈ।
ਅਪਣੀ ਯਾਤਰਾ ਦੌਰਾਨ ਉਹ ਤਾਜ ਮਹਿਲ ਦਾ ਦੀਦਾਰ ਵੀ ਕਰਨ ਜਾਣਗੇ। ਰਾਸ਼ਟਰਪਤੀ ਮੈਕ੍ਰੋਨ 12 ਮਾਰਚ ਨੂੰ ਵਾਰਾਣਸੀ ਵੀ ਜਾਣਗੇ। ਪ੍ਰਧਾਨ ਮੰਤਰੀ ਨਾਲ ਮੈਕ੍ਰੋਨ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ 'ਚ ਸੌਰ ਯੰਤਰ ਦਾ ਉਦਘਾਟਨ ਕਰਨਗੇ।