
ਨਵੀਂ ਦਿੱਲੀ : ਭਾਰਤ ਵਿਚ ਹਥਿਆਰ ਬਣਾਉਣ ਦੀਆਂ ਸਾਰੀਆਂ ਯੋਜਨਾਵਾਂ ਤੋਂ ਬਾਅਦ ਅੱਜ ਵੀ ਭਾਰਤ ਦੁਨੀਆਂ ਦਾ ਸੱਭ ਤੋਂ ਵੱਧ ਹਥਿਆਰ ਖ਼ਰੀਦਣ ਵਾਲਾ ਦੇਸ਼ ਬਣਿਆ ਹੋਇਆ ਹੈ। ਹਾਲ ਹੀ ਵਿਚ 'ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ' ਦੁਆਰਾ ਜਾਰੀ ਇਕ ਰਿਪੋਰਟ ਮੁਤਾਬਕ ਸਾਲ 2013-17 ਵਿਚ ਦੁਨੀਆਂ ਭਰ ਵਿਚ ਆਯਾਤ ਕੀਤੇ ਗਏ ਹਥਿਆਰਾਂ ਵਿਚ ਭਾਰਤ ਦੀ ਹਿਸੇਦਾਰੀ 12 ਫ਼ੀ ਸਦੀ ਹੈ।
ਸੋਮਵਾਰ ਨੂੰ ਸਟਾਕਹੋਮ ਦੀ ਥਿੰਕ ਟੈਂਕ 'ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ' ਨੇ ਦੁਨੀਆਂ ਭਰ ਦੇ ਦੇਸ਼ਾਂ ਵਿਚ ਆਯਾਤ ਕੀਤੇ ਗਏ ਹਥਿਆਰਾਂ 'ਤੇ ਇਕ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਮੁਤਾਬਕ ਭਾਰਤ ਸੱਭ ਤੋਂ ਜ਼ਿਆਦਾ ਹਥਿਆਰ ਖ਼ਰੀਦਣ ਵਾਲਾ ਦੇਸ਼ ਬਣਿਆ ਹੋਇਆ ਹੈ। ਪੂਰੀ ਦੁਨੀਆਂ ਵਿਚ ਆਯਾਤ ਕੀਤੇ ਗਏ ਹਥਿਆਰਾਂ ਵਿਚ ਭਾਰਤ ਅਜੇ ਵੀ ਮੋਹਰੀ ਬਣਿਆ ਹੋਇਆ ਹੈ।
ਭਾਰਤ ਦੇ ਬਾਅਦ ਸਾਊਦੀ ਅਰਬ, ਮਿਸਰ, ਯੂ.ਏ.ਈ, ਚੀਨ, ਆਸਟ੍ਰੇਲੀਆ, ਅਲਜੀਰਿਆ, ਇਰਾਕ, ਪਾਕਿਸਤਾਨ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਨੇ ਭਾਰੀ ਮਾਤਰਾ ਵਿਚ ਹਥਿਆਰ ਬਾਹਰ ਤੋਂ ਖ਼ਰੀਦੇ ਹਨ। ਭਾਰਤ ਨੇ 2013-17 ਦੇ ਵਿਚ ਸੱਭ ਤੋਂ ਜ਼ਿਆਦਾ ਹਥਿਆਰ ਰੂਸ ਤੋਂ ਖ਼ਰੀਦੇ ਹਨ। ਕੁਲ ਖ਼ਰੀਦੇ ਗਏ ਹਥਿਆਰਾਂ ਵਿਚ ਰੂਸ ਦੀ ਹਿਸੇਦਾਰੀ 62 ਫ਼ੀ ਸਦੀ ਹੈ। ਉਥੇ ਹੀ ਅਮਰੀਕਾ ਤੋਂ 15 ਫ਼ੀ ਸਦੀ ਅਤੇ ਇਜ਼ਰਾਇਲ ਤੋਂ 11 ਫ਼ੀ ਸਦੀ ਹਥਿਆਰ ਖ਼ਰੀਦੇ ਗਏ ਹਨ।
ਰੂਸ ਅਤੇ ਇਜ਼ਰਾਇਲ ਤੋਂ ਹਥਿਆਰ ਲੈਣ ਵਿਚ ਭਾਰਤ ਪਹਿਲੇ ਨੰਬਰ 'ਤੇ ਹੈ। ਉਥੇ ਹੀ ਦੂਜੇ ਪਾਸੇ ਭਾਰਤ ਨੇ ਏਸ਼ੀਆ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਅਮਰੀਕਾ ਦੇ ਨਾਲ ਅਪਣੇ ਸਿਆਸਤੀ ਰਿਸ਼ਤੇ ਬਿਹਤਰ ਕਰਨੇ ਸ਼ੁਰੂ ਕਰ ਦਿਤੇ ਹਨ। ਇਸ ਦਿਸ਼ਾ ਵਿਚ ਪਹਿਲ ਕਰਦੇ ਹੋਏ ਭਾਰਤ ਨੇ ਅਮਰੀਕਾ ਤੋਂ 2013-17 ਦੇ ਵਿਚ 15 ਬਿਲੀਅਨ ਡਾਲਰ (97000 ਕਰੋੜ ਤੋਂ ਜ਼ਿਆਦਾ) ਦੇ ਹਥਿਆਰ ਖ਼ਰੀਦੇ ਹਨ ਜੋ ਕਿ ਸਾਲ 2008-12 ਦੇ ਮੁਕਾਬਲੇ 557 ਫ਼ੀ ਸਦੀ ਜ਼ਿਆਦਾ ਹੈ।
ਉਥੇ ਹੀ ਦੂਜੇ ਪਾਸੇ ਚੀਨ ਦੁਨੀਆਂ ਦਾ ਪੰਜਵਾ ਸੱਭ ਤੋਂ ਵੱਡਾ ਹਥਿਆਰ ਵਿਕਰੇਤਾ ਬਣਿਆ ਹੋਇਆ ਹੈ। ਹਾਲਾਂਕਿ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਅਮਰੀਕਾ ਹੈ। ਉਸ ਤੋਂ ਬਾਅਦ ਰੂਸ, ਫ਼ਰਾਂਸ ਅਤੇ ਜਰਮਨੀ ਹਨ। ਭਾਰਤ ਹਾਲੇ ਵੀ ਅਪਣੀ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ 65 ਫ਼ੀ ਸਦੀ ਰੱਖਿਆ ਸਾਮਾਨ ਬਾਹਰ ਤੋਂ ਖ਼ਰੀਦਦਾ ਹੈ। 2014 ਵਿਚ ਸੱਤਾ ਵਿਚ ਆਉਣ ਦੇ ਬਾਅਦ ਮੋਦੀ ਸਰਕਾਰ ਨੇ ਦੇਸ਼ ਵਿਚ ਹੀ ਹਥਿਆਰ ਬਣਾਉਣ ਦੇ ਕਈ ਵਾਅਦੇ ਕੀਤੇ ਸਨ ਪਰ ਸਤਹ 'ਤੇ ਇਸ ਦਾ ਕੋਈ ਪ੍ਰਭਾਵ ਪੈਂਦਾ ਵਿਖਾਈ ਨਹੀਂ ਦੇ ਰਿਹਾ ਹੈ। ਅੱਜ ਵੀ ਹਥਿਆਰਾਂ ਦੇ ਮਾਮਲੇ ਵਿਚ ਭਾਰਤ ਵਿਦੇਸ਼ਾਂ 'ਤੇ ਨਿਰਭਰ ਹੈ।