
ਬੀਜਿੰਗ : ਚੀਨ ਨੇ ਆਪਣੇ ਰਾਸ਼ਟਰਪਤੀ ਦੇ ਸੀਮਤ ਕਾਰਜਕਾਲ ਵਾਲੇ ਪ੍ਰਬੰਧ ਨੂੰ ਹਟਾ ਲਿਆ ਹੈ, ਇਸ ਦੇ ਬਾਅਦ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਉਮਰ ਭਰ ਦੇ ਲਈ ਚੀਨ ਦੇ ਰਾਸ਼ਟਰਪਤੀ ਬਣੇ ਰਹਿ ਸਕਦੇ ਹਨ। ਐਤਵਾਰ ਨੂੰ ਨੈਸ਼ਨਲ ਪੀਪਲਸ ਕਾਂਗਰਸ ਦੀ ਸਾਲਾਨਾ ਬੈਠਕ ਵਿਚ ਇਸ ਨਾਲ ਸਬੰਧਤ ਪ੍ਰਸਤਾਵ ਨੂੰ ਪਾਸ ਕੀਤਾ ਗਿਆ। ਇਸ ਪ੍ਰਸਤਾਵ ਨੂੰ ਚੀਨ ਦੀ ਨੈਸ਼ਨਲ ਪੀਪਲਸ ਕਾਂਗਰਸ ਵਿਚ ਕਿਸ ਤਰ੍ਹਾਂ ਦਾ ਸਮਰਥਨ ਮਿਲਿਆ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੇਵਲ ਦੋ ਵੋਟਰ ਇਸ ਪ੍ਰਸਤਾਵ ਦੇ ਖ਼ਿਲਾਫ਼ ਸਨ ਅਤੇ 2964 ਵੋਟਰਾਂ ਵਿਚੋਂ ਕੇਵਲ ਤਿੰਨ ਮੈਂਬਰ ਗ਼ੈਰਹਾਜ਼ਰ ਸਨ।
ਚੀਨ ਵਿਚ 1990 ਦੇ ਦਹਾਕੇ ਤੋਂ ਇਹ ਨਿਯਮ ਸੀ ਕਿ ਕੋਈ ਵਿਅਕਤੀ ਰਾਸ਼ਟਰਪਤੀ ਦੇ ਤੌਰ 'ਤੇ ਵੱਧ ਤੋਂ ਵੱਧ ਦੋ ਕਾਰਜਕਾਲ ਲਈ ਹੀ ਚੁਣਿਆ ਜਾ ਸਕਦਾ ਹੈ ਪਰ ਸ਼ੀ ਜਿਨਪਿੰਗ ਨੇ ਪਿਛਲੇ ਸਾਲ ਅਕਤੂਬਰ ਵਿਚ ਹੋਏ ਕਮਿਊਨਿਸਟ ਪਾਰਟੀ ਦੇ ਸੰਮੇਲਨ ਵਿਚ ਸੰਭਾਵੀ ਉਤਰਾਧਿਕਾਰੀ ਪੇਸ਼ ਕਰਨ ਦੀ ਪ੍ਰੰਪਰਾ ਤੋੜ ਦਿਤੀ ਸੀ। ਇਸ ਦੇ ਬਜਾਏ ਉਨ੍ਹਾਂ ਨੇ ਕਾਫ਼ੀ ਰਾਜਨੀਤਕ ਤਾਕਤ ਆਪਣੇ ਕੋਲ ਰੱਖਣਾ ਹੀ ਤੈਅ ਕੀਤਾ ਸੀ। ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਜਿਨਪਿੰਗ ਦੀ ਵਿਚਾਰਧਾਰਾ ਨੂੰ ਸੰਵਿਧਾਨ ਵਿਚ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਸੀ ਅਤੇ ਸੰਵਿਧਾਨ ਵਿਚ ਉਨ੍ਹਾਂ ਨੂੰ ਚੀਨ ਦੇ ਪਹਿਲੇ ਕਮਿਊਨਿਸਟ ਨੇਤਾ ਅਤੇ ਸੰਸਥਾਪਕ ਮਾਉਤਸੇ ਤੁੰਗ ਦੇ ਬਰਾਬਰ ਦਰਜਾ ਦਿਤਾ ਗਿਆ ਸੀ।
ਜਿਨਪਿੰਗ ਦਾ ਸਫ਼ਰ
21ਵੀਂ ਸਦੀ ਵਿਚ ਅਜਿਹੇ ਬਹੁਤ ਘੱਟ ਨੇਤਾ ਹਨ ਜੋ ਗੁਫ਼ਾ ਵਿਚ ਰਹੇ ਹੋਣ, ਜਿਨ੍ਹਾਂ ਨੇ ਖੇਤਾਂ ਵਿਚ ਮਿਹਨਤ ਕੀਤੀ ਹੋਵੇ। ਫਿਰ ਉਹ ਸੱਤਾ ਦੇ ਸਿਖ਼ਰ 'ਤੇ ਪੁੱਜੇ ਹੋਣ। ਪੰਜ ਦਹਾਕੇ ਪਹਿਲਾਂ ਜਦੋਂ ਚੀਨ ਵਿਚ ਸਭਿਆਚਾਰਕ ਕ੍ਰਾਂਤੀ ਦਾ ਤੂਫ਼ਾਨ ਆਇਆ ਹੋਇਆ ਸੀ ਉਸ ਸਮੇਂ ਪੰਦਰਾਂ ਸਾਲਾ ਲੜਕੇ ਸ਼ੀ ਜਿਨਪਿੰਗ ਨੇ ਪਿੰਡ ਵਿਚ ਮੁਸ਼ਕਲ ਭਰੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਚੀਨ ਦੇ ਅੰਦਰੂਨੀ ਇਲਾਕੇ ਵਿਚ ਜਿਥੇ ਚਾਰੇ ਪਾਸੇ ਉਚੇ ਪਹਾੜ ਸਨ। ਉਥੋਂ ਜਿਨਪਿੰਗ ਦੀ ਜ਼ਿੰਦਗੀ ਦੀ ਜੰਗ ਸ਼ੁਰੂ ਹੋਈ ਸੀ।
ਜਿਸ ਇਲਾਕੇ ਵਿਚ ਜਿਨਪਿੰਗ ਨੇ ਖ਼ੇਤੀ-ਕਿਸਾਨੀ ਦੀ ਸ਼ੁਰੂਆਤ ਕੀਤੀ ਸੀ, ਉਹ ਘਰ ਯੁੱਧ ਦੌਰਾਨ ਚੀਨ ਦੇ ਕਮਿਊਨਿਸਟਾਂ ਦਾ ਗੜ੍ਹ ਸੀ। ਯੇਨਾਨ ਦੇ ਲੋਕ ਆਪਣੇ ਇਲਾਕੇ ਨੂੰ ਚੀਨ ਦੀ ਲਾਲ ਕ੍ਰਾਂਤੀ ਦੀ ਪਵਿੱਤਰ ਭੂਮੀ ਕਹਿੰਦੇ ਸਨ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਰਾਸ਼ਟਰਪਤੀ ਦੇ ਕਾਰਜਕਾਲ 'ਤੇ ਲੱਗੀ ਹੱਦ ਨੂੰ ਹਟਾਉਣ ਦਾ ਪ੍ਰਸਤਾਵ ਰੱਖਿਆ ਹੈ। ਇਹ ਅਜਿਹਾ ਕਦਮ ਹੈ ਜੋ ਮੌਜੂਦਾ ਨੇਤਾ ਸ਼ੀ ਜਿਨਪਿੰਗ ਨੂੰ ਸੱਤਾ ਵਿਚ ਬਣਾਏ ਰੱਖੇਗਾ। ਚੀਨ ਦੀ ਰਾਜਨੀਤੀ ਵਿਚ ਇਸ ਨੂੰ ਇਕ ਸਫ਼ਲਤਾ ਦੀ ਘੜੀ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਉਹ ਅੱਜ ਇਕ ਅਜਿਹੇ ਦੇਸ਼ ਦੀ ਅਗਵਾਈ ਕਰ ਰਹੇ ਹਨ ਜੋ ਬੜੀ ਤੇਜ਼ੀ ਨਾਲ ਦੁਨੀਆਂ ਦੀ ਸੁਪਰਪਾਵਰ ਦੇ ਤੌਰ 'ਤੇ ਉਭਰ ਰਿਹਾ ਹੈ।
ਪਰ ਚੀਨ ਅਜਿਹਾ ਦੇਸ਼ ਹੈ ਜੋ ਇਸ ਗੱਲ 'ਤੇ ਕੜੀ ਨਜ਼ਰ ਰੱਖਦਾ ਹੈ ਕਿ ਉਸ ਦੇ ਨੇਤਾ ਬਾਰੇ ਕੀ ਕਿਹਾ ਜਾਂਦਾ ਹੈ। ਸ਼ੀ ਜਿਨਪਿੰਗ ਦੀ ਅਪਣੀ ਕਹਾਣੀ ਨੂੰ ਕਾਫ਼ੀ ਹੱਦ ਤਕ ਕਟ ਕੇ ਪੇਸ਼ ਕੀਤਾ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜਿਥੇ ਚੀਨ ਦੇ ਤਮਾਮ ਅੰਦਰੂਨੀ ਇਲਾਕਿਆਂ ਦਾ ਤੇਜ਼ੀ ਨਾਲ ਸ਼ਹਿਰੀਕਰਨ ਹੋ ਰਿਹਾ ਹੈ, ਉਥੇ ਹੀ ਰਾਸ਼ਟਰਪਤੀ ਸ਼ੀ ਦੇ ਪਿੰਡ ਨੂੰ ਜਿਉਂ ਦਾ ਤਿਉਂ ਰੱਖਿਆ ਗਿਆ ਹੈ। ਕਮਿਊਨਿਸਟ ਪਾਰਟੀ ਦੇ ਭਗਤਾਂ ਲਈ ਉਹ ਇਕ ਤੀਰਥ ਸਥਾਨ ਹੈ।
1968 ਵਿਚ ਚੇਅਰਮੈਨ ਮਾਉ ਨੇ ਫ਼ਰਮਾਨ ਜਾਰੀ ਕੀਤਾ ਸੀ ਕਿ ਲੱਖਾਂ ਨੌਜਵਾਨ ਲੋਕ ਸ਼ਹਿਰ ਛੱਡ ਕੇ ਪਿੰਡਾਂ ਵਿਚ ਜਾਣ। ਉਥੇ ਉਹ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਅੱਗੇ ਵਧਣ ਦੇ ਸਬਕ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਸਿੱਖਣ। ਸ਼ੀ ਜਿਨਪਿੰਗ ਕਹਿੰਦੇ ਹਨ ਕਿ ਉਸ ਤਜ਼ਰਬੇ ਨਾਲ ਉਨ੍ਹਾਂ ਨੇ ਵੀ ਬਹੁਤ ਕੁੱਝ ਸਿੱਖਿਆ। ਸ਼ੀ ਦਾ ਕਹਿਣਾ ਹੈ ਕਿ ਅੱਜ ਉਹ ਜੋ ਕੁੱਝ ਵੀ ਹੈ, ਉਹ ਉਸੇ ਦੌਰ ਦੀ ਵਜ੍ਹਾ ਨਾਲ ਹੈ। ਉਨ੍ਹਾਂ ਦਾ ਕਿਰਦਾਰ ਉਸੇ ਗੁਫ਼ਾ ਵਾਲੇ ਦੌਰ ਨੇ ਘੜਿਆ। ਜਿਨਪਿੰਗ ਅਕਸਰ ਕਿਹਾ ਕਰਦੇ ਹਨ, ਮੈਂ ਪੀਲੀ ਮਿੱਟੀ ਦਾ ਪੁੱਤਰ ਹਾਂ। ਮੈਂ ਆਪਣਾ ਦਿਲ ਲਿਆਂਗਜਿਆਹੇ ਵਿਚ ਛੱਡ ਦਿੱਤਾ ਸੀ, ਉਸੇ ਜਗ੍ਹਾ ਨੇ ਹੀ ਮੈਨੂੰ ਬਣਾਇਆ।
ਜਿਨਪਿੰਗ ਕਹਿੰਦੇ ਹਨ ਜਦੋਂ ਮੈਂ ਲਿਆਂਗਜਿਆਹੇ ਪਹੁੰਚਿਆ ਤਾਂ ਪੰਦਰਾਂ ਸਾਲਾ ਦਾ ਲੜਕਾ ਸੀ, ਮੈਂ ਫ਼ਿਕਰਮੰਦ ਸੀ। ਮੈਨੂੰ ਕੁੱਝ ਸਮਝ ਵਿਚ ਨਹੀਂ ਆ ਰਿਹਾ ਸੀ ਪਰ 22 ਸਾਲਾਂ ਦਾ ਹੁੰਦੇ - ਹੁੰਦੇ ਮੇਰੇ ਸਾਰੇ ਸ਼ੱਕ ਦੂਰ ਹੋ ਗਏ ਸਨ। ਮੇਰੀ ਜ਼ਿੰਦਗੀ ਦਾ ਮਕਸਦ ਪੂਰੀ ਤਰ੍ਹਾਂ ਸਾਫ਼ ਹੋ ਚੁਕਿਆ ਸੀ। ਉਸ ਦੌਰ ਵਿਚ ਹਰ ਸ਼ਖਸ ਚੇਅਰਮੈਨ ਮਾਉ ਦੀ ਮਸ਼ਹੂਰ ਛੋਟੀ ਲਾਲ ਕਿਤਾਬ ਪੜ੍ਹਿਆ ਕਰਦਾ ਸੀ। ਅੱਜ ਚੇਅਰਮੈਨ ਸ਼ੀ ਦੇ ਵਿਚਾਰ ਵੱਡੇ - ਵੱਡੇ ਲਾਲ ਰੰਗ ਦੇ ਬੋਰਡਾਂ 'ਤੇ ਲਿਖੇ ਵਿਖਾਈ ਦਿੰਦੇ ਹਨ। ਉਨ੍ਹਾਂ ਦੇ ਸਨਮਾਨ ਵਿਚ ਇਕ ਮਿਊਜ਼ੀਅਮ ਵੀ ਬਣਾਇਆ ਗਿਆ। ਇਸ ਮਿਊਜ਼ੀਅਮ ਵਿਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਉਨ੍ਹਾਂ ਨੇ ਆਪਣੇ ਸਾਥੀ ਕਿਸਾਨਾਂ - ਮਜ਼ਦੂਰਾਂ ਲਈ ਕੀ - ਕੀ ਚੰਗੇ ਕੰਮ ਕੀਤੇ।
ਇਨ੍ਹਾਂ ਕਿਸਿਆਂ ਨੂੰ ਇਸ ਤਰ੍ਹਾਂ ਕਟ ਕੇ ਪੇਸ਼ ਕੀਤਾ ਗਿਆ ਹੈ ਕਿ ਉਸ ਵਿਚ ਸ਼ੀ ਜਿਨਪਿੰਗ ਦੀ ਜ਼ਿੰਦਗੀ ਦੀ ਅਸਲੀ ਕਹਾਣੀ ਦਾ ਪਤਾ ਲਗਾਉਣਾ ਬੇਹੱਦ ਮੁਸ਼ਕਲ ਹੈ। ਰਾਸ਼ਟਰਪਤੀ ਦੇ ਤੌਰ 'ਤੇ ਅਪਣੇ ਪਹਿਲਾਂ ਪੰਜ ਸਾਲ ਦੇ ਕਾਰਜਕਾਲ ਵਿਚ ਸ਼ੀ ਜਿਨਪਿੰਗ ਨੇ ਅਪਣਾ ਇਕ ਮਹਾਨ ਇਨਸਾਨ ਦਾ ਕਿਰਦਾਰ ਘੜਿਆ ਹੈ। ਉਹ ਅਪਣੇ ਆਪ ਨੂੰ ਇਕ ਅਜਿਹੇ ਸ਼ਖਸ ਦੇ ਤੌਰ 'ਤੇ ਪੇਸ਼ ਕਰਦੇ ਹਨ ਜੋ ਜਨ ਨੇਤਾ ਹੈ। ਉਹ ਅਕਸਰ ਗਲੀਆਂ-ਸੜਕਾਂ ਦੀ ਸੈਰ 'ਤੇ ਜਾਂਦੇ ਹਨ। ਗਰੀਬਾਂ ਦੇ ਘਰ ਜਾਇਆ ਕਰਦੇ ਹਨ। ਉਹ ਜਨਤਾ ਦੀ ਜ਼ੁਬਾਨ ਵਿਚ ਗੱਲ ਕਰਦੇ ਹਨ। ਉਹ ਅਕਸਰ ਵਿਦਿਆਰਥੀਆਂ ਨੂੰ ਦੱਸਦੇ ਹਨ ਕਿ ਜ਼ਿੰਦਗੀ ਇਕ ਬਟਨ ਵਾਲੀ ਕਮੀਜ਼ ਹੈ, ਜਿਸਦੇ ਸ਼ੁਰੂ ਦੇ ਬਟਨ ਸਹੀ ਤਰੀਕੇ ਨਾਲ ਲਗਾਉਣੇ ਚਾਹੀਦੇ ਹਨ ਨਹੀਂ ਤਾਂ ਸਾਰੇ ਬਟਨ ਗ਼ਲਤ ਬੰਦ ਹੁੰਦੇ ਹਨ। ਉਹ ਕਈ ਵਾਰ ਦੁਪਹਿਰ ਦੇ ਖਾਣੇ ਲਈ ਲਾਈਨ ਵਿਚ ਖੜ੍ਹੇ ਹੁੰਦੇ ਹਨ। ਉਹ ਆਪਣੇ ਖਾਣੇ ਦਾ ਬਿਲ ਖ਼ੁਦ ਭਰਦੇ ਹਨ।
ਇਕ ਮਿੱਥ ਦੇ ਤੌਰ 'ਤੇ ਸ਼ੀ ਜਿਨਪਿੰਗ ਦੀ ਕਹਾਣੀ ਦਾ ਕੇਂਦਰ ਹੈ, ਉਨ੍ਹਾਂ ਦਾ ਗੁਫ਼ਾ ਵਿਚ ਬਿਤਾਇਆ ਹੋਇਆ ਸ਼ੁਰੂਆਤੀ ਜੀਵਨ। ਜਿਥੇ ਉਹ ਸਿਆਸਤ ਤੋਂ ਅਲੱਗ ਕਰ ਦਿਤੇ ਗਏ ਸਨ। ਜਿਨਪਿੰਗ ਕਹਿੰਦੇ ਹਨ, ਜਿਨ੍ਹਾਂ ਨੂੰ ਸੱਤਾ ਦਾ ਤਜਰਬਾ ਘੱਟ ਹੈ ਉਹ ਇਸ ਨੂੰ ਨਵਾਂ ਅਤੇ ਸਿਆਸਤਦਾਨ ਤਜਰਬਾ ਸਮਝਦੇ ਹਨ ਪਰ "ਮੈਂ ਇਨ੍ਹਾਂ ਪਰਦਿਆਂ ਦੇ ਪਾਰ, ਬੜੀ ਗਹਿਰਾਈ ਨਾਲ ਸਿਆਸਤ ਨੂੰ ਵੇਖਦਾ ਹਾਂ। ਮੈਂ ਫੁੱਲਾਂ ਦੇ ਹਾਰ ਅਤੇ ਤਾੜੀਆਂ ਦੀ ਗੜਗੜਾਹਟ ਤੋਂ ਪਰ੍ਹੇ ਹਟਕੇ ਵੇਖਦਾ ਹਾਂ।" ਮੈਂ ਨਜ਼ਰਬੰਦੀ ਵਾਲੇ ਘਰ ਵੇਖਦਾ ਹਾਂ, ਮੈਂ ਇਨਸਾਨੀ ਰਿਸ਼ਤਿਆਂ ਦੀ ਕਮਜ਼ੋਰੀ ਵੇਖਦਾ ਹਾਂ।
ਮੈਂ ਰਾਜਨੀਤੀ ਨੂੰ ਗਹਿਰਾਈ ਨਾਲ ਸਮਝਦਾ ਹਾਂ। ਬਚਪਨ ਤੋਂ ਜਵਾਨੀ ਵਿਚ ਸ਼ੀ ਜਿਨਪਿੰਗ ਦੋਵੇਂ ਤਰ੍ਹਾਂ ਦੀ ਜ਼ਿੰਦਗੀ ਦਾ ਤਜਰਬਾ ਕਰ ਚੁਕੇ ਸਨ। ਉਨ੍ਹਾਂ ਦੇ ਪਿਤਾ ਵੀ ਕਮਿਊਨਿਸਟ ਕ੍ਰਾਂਤੀ ਦੇ ਹੀਰੋ ਸਨ। ਅਜਿਹੇ ਵਿਚ ਸ਼ੀ ਨੇ ਇਕ ਰਾਜਕੁਮਾਰ ਵਾਲੀ ਜ਼ਿੰਦਗੀ ਦਾ ਤਜਰਬਾ ਵੀ ਕੀਤਾ ਸੀ। 2009 ਦੇ ਇਕ ਖੁਫ਼ੀਆ ਅਮਰੀਕੀ ਕੇਬਲ ਦੇ ਮੁਤਾਬਕ ਸ਼ੀ ਦੇ ਇਕ ਕਰੀਬੀ ਦੋਸਤ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਸ਼ੁਰੂਆਤੀ ਦਸ ਸਾਲਾਂ ਨੇ ਉਨ੍ਹਾਂ ਦੇ ਕਿਰਦਾਰ ਦੀ ਬੁਨਿਆਦ ਰੱਖੀ ਸੀ। ਇਸਦੇ ਬਾਅਦ ਕਮਿਊਨਿਸਟ ਕ੍ਰਾਂਤੀ ਦੇ ਦੌਰਾਨ ਜਦੋਂ ਉਹ ਕਿਸਾਨਾਂ ਵਿਚ ਰਹੇ ਤਾਂ ਉਸ ਤਜਰਬੇ ਨੇ ਵੀ ਉਨ੍ਹਾਂ ਦੀ ਅੱਗੇ ਦੀ ਜ਼ਿੰਦਗੀ 'ਤੇ ਗਹਿਰਾ ਅਸਰ ਪਾਇਆ ਸੀ।
ਜਾਨ ਦਾ ਖ਼ਤਰਾ
ਸੱਠ ਦੇ ਦਹਾਕੇ ਵਿਚ ਚੇਅਰਮੈਨ ਮਾਉ ਨੇ ਅਪਣੀ ਹੀ ਪਾਰਟੀ ਦੇ ਨੇਤਾਵਾਂ 'ਤੇ ਜੋ ਜ਼ੁਲਮ ਢਾਹੇ, ਉਸਦਾ ਖ਼ਮਿਆਜ਼ਾ ਸ਼ੀ ਜਿਨਪਿੰਗ ਨੂੰ ਵੀ ਚੁਕਾਉਣਾ ਪਿਆ ਸੀ। ਪਹਿਲਾਂ ਤਾਂ ਸ਼ੀ ਦੇ ਪਿਤਾ ਨੂੰ ਪਾਰਟੀ ਤੋਂ ਬਾਹਰ ਕਰ ਦਿਤਾ ਗਿਆ। ਫਿਰ ਉਨ੍ਹਾਂ ਨੂੰ ਜੇਲ੍ਹ ਭੇਜ ਦਿਤਾ ਗਿਆ। ਸ਼ੀ ਦੇ ਪਰਵਾਰ ਨੂੰ ਬਹੁਤ ਸ਼ਰਮਿੰਦਗੀ ਚੁਕਣੀ ਪਈ ਸੀ। ਉਨ੍ਹਾਂ ਦੀ ਇਕ ਭੈਣ ਦੀ ਮੌਤ ਹੋ ਗਈ। ਸ਼ਾਇਦ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਸੀ। 13 ਸਾਲ ਦੀ ਉਮਰ ਵਿਚ ਹੀ ਸ਼ੀ ਜਿਨਪਿੰਗ ਦੀ ਪੜ੍ਹਾਈ ਬੰਦ ਹੋ ਗਈ ਸੀ ਕਿਉਂਕਿ ਬੀਜਿੰਗ ਦੇ ਸਾਰੇ ਸਕੂਲ ਬੰਦ ਕਰ ਦਿਤੇ ਗਏ ਸਨ।
ਅਜਿਹਾ ਇਸ ਲਈ ਤਾਂ ਕਿ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਨਿੰਦਿਆ ਕਰ ਸਕਣ। ਉਨ੍ਹਾਂ ਨੂੰ ਕੁੱਟ ਸਕਣ ਜਾਂ ਫਿਰ ਉਨ੍ਹਾਂ ਨੂੰ ਜਾਨੋਂ ਮਾਰ ਸਕਣ। ਪਰਵਾਰ ਅਤੇ ਦੋਸਤਾਂ ਦੇ ਬਿਨਾਂ ਸ਼ੀ ਜਿਨਪਿੰਗ ਕਾਫ਼ੀ ਦਿਨਾਂ ਤਕ ਮਾਉ ਦੇ ਬਦਨਾਮ ਰੇਡ ਗਾਰਡਸ ਤੋਂ ਬਚਦੇ - ਛੁਪਦੇ ਫਿਰੇ ਸਨ। ਇਕ ਵਾਰ ਉਨ੍ਹਾਂ ਨੇ ਇਕ ਰਿਪੋਰਟਰ ਤੋਂ ਇਕ ਐਨਕਾਉਂਟਰ ਦਾ ਵੀ ਜਿਕਰ ਕੀਤਾ ਸੀ। ਸ਼ੀ ਜਿਨਪਿੰਗ ਨੇ ਦੱਸਿਆ ਸੀ ਮੈਂ ਕੇਵਲ 14 ਸਾਲ ਦਾ ਸੀ।
ਰੇਡ ਗਾਰਡਸ ਨੇ ਮੇਰੇ ਤੋਂ ਪੁੱਛਿਆ ਕਿ ਤੁਸੀਂ ਅਪਣੇ ਜ਼ੁਰਮ ਨੂੰ ਕਿੰਨਾ ਗੰਭੀਰ ਮੰਨਦੇ ਹੋ? ਮੈਂ ਕਿਹਾ ਕਿ ਤੁਸੀਂ ਅਪਣੇ ਆਪ ਅੰਦਾਜਾ ਲਗਾ ਲਓ ਕਿ ਇਹ ਮੈਨੂੰ ਮਾਰਨ ਲਈ ਕਾਫ਼ੀ ਹੈ? ਰੇਡ ਗਾਰਡਸ ਨੇ ਕਿਹਾ ਕਿ ਅਸੀਂ ਤੈਨੂੰ ਅਣਗਿਣਤ ਬਾਰ ਮਾਰ ਸਕਦੇ ਹਾਂ। ਮੇਰੇ ਹਿਸਾਬ ਨਾਲ ਇਕ ਵਾਰ ਮਰਨ ਜਾਂ ਵਾਰ - ਵਾਰ ਮਾਰੇ ਜਾਣ ਵਿਚ ਕੋਈ ਫ਼ਰਕ ਨਹੀਂ। ਸ਼ੀ ਦੀ ਪੀੜ੍ਹੀ ਦੇ ਬਹੁਤ ਸਾਰੇ ਚੀਨੀ ਲੋਕ ਇਹ ਮੰਨਦੇ ਹਨ ਕਿ ਉਸ ਦੌਰ ਵਿਚ ਜਦੋਂ ਸਕੂਲ ਬੰਦ ਹੋ ਗਏ ਸਨ, ਜਦੋਂ ਉਹ ਜਾਨ ਬਚਾਕੇ ਛੁਪਦੇ ਫਿਰ ਰਹੇ ਸਨ। ਤਦ ਦੀਆਂ ਮੁਸ਼ਕਲਾਂ ਨੇ ਉਨ੍ਹਾਂ ਦੀ ਜ਼ਿੰਦਗੀ 'ਤੇ ਡੂੰਘਾ ਅਸਰ ਪਾਇਆ ਸੀ ਉਨ੍ਹਾਂ ਨੂੰ ਮਜ਼ਬੂਤ ਬਣਾਇਆ ਸੀ।