
ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਤਹਿਰੀਕ - ਏ - ਇਨਸਾਫ ਪਾਕਿਸਤਾਨ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਜਿੰਦਗੀ ਦੇ ਮੈਦਾਨ 'ਤੇ ਹੈਟਰਿਕ ਲਗਾਉਂਦੇ ਹੋਏ ਤੀਜਾ ਵਿਆਹ ਕੀਤਾ ਹੈ। ਇਸ ਵਿਆਹ ਦੇ ਬਾਅਦ ਉਹ ਪਾਕਿਸਤਾਨ ਸਹਿਤ ਦੁਨੀਆ ਦੇ ਕਈ ਮੁਲਕਾਂ ਵਿਚ ਸੁਰਖੀਆਂ ਬਟੋਰ ਰਹੇ ਹਨ। ਇਮਰਾਨ ਖਾਨ 'ਤੇ ਉਨ੍ਹਾਂ ਦੀ ਦੂਜੀ ਪਤਨੀ ਨੇ ਦੋਸ਼ ਲਗਾਏ ਹਨ। ਇਮਰਾਨ ਦੀ ਦੂਜੀ ਪਤਨੀ ਰੇਹਮ ਖਾਨ ਨੇ ਕਿਹਾ ਹੈ ਕਿ ਜਦੋਂ ਉਹ ਉਨ੍ਹਾਂ ਦੀ ਪਤਨੀ ਸੀ ਉਦੋਂ ਵੀ ਇਮਰਾਨ ਬੁਸ਼ਰਾ ਨੂੰ ਡੇਟ ਕਰ ਰਹੇ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ 65 ਸਾਲ ਦੇ ਇਮਰਾਨ ਨੇ ਐਤਵਾਰ ਨੂੰ 40 ਸਾਲ ਦੀ ਬੁਸ਼ਰਾ ਮੇਨਕਾ ਨਾਲ ਵਿਆਹ ਰਚਾਇਆ ਹੈ। ਇਹ ਉਨ੍ਹਾਂ ਦਾ ਤੀਜਾ ਵਿਆਹ ਹੈ।
ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਰੇਹਮ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਸਾਬਕਾ ਪਤੀ ਇਮਰਾਨ ਬੁਸ਼ਰਾ ਨੂੰ ਪਿਛਲੇ 3 ਸਾਲਾਂ ਤੋਂ ਜਾਣਦੇ ਹਨ ਅਤੇ ਜਦੋਂ ਰੇਹਮ ਅਤੇ ਇਮਰਾਨ ਵਿਆਹੁਤਾ ਜੀਵਨ ਵਿਚ ਸਨ ਉਦੋਂ ਵੀ ਉਹ ਬੁਸ਼ਰਾ ਨੂੰ ਮਿਲਦੇ ਸਨ। ਰੇਹਮ ਨੇ ਕਿਹਾ, 'ਇਮਰਾਨ ਖਾਨ ਬੁਸ਼ਰਾ ਨਾਲ ਪਿਛਲੇ 3 ਸਾਲਾਂ ਤੋਂ ਸੰਪਰਕ ਵਿਚ ਹਨ, ਜਦੋਂ ਮੈਂ ਉਨ੍ਹਾਂ ਦੀ ਪਤਨੀ ਸੀ। ਉਹ ਭਰੋਸੇਮੰਦ ਆਦਮੀ ਨਹੀਂ ਹੈ।' ਇਥੋਂ ਤੱਕ ਕਿ ਰੇਹਮ ਨੇ ਉਨ੍ਹਾਂ ਖਬਰਾਂ ਨੂੰ ਵੀ ਸਹੀ ਦੱਸਿਆ, ਜਿਸ ਵਿਚ ਕਿਹਾ ਗਿਆ ਸੀ ਕਿ ਇਮਰਾਨ ਨੇ ਬੁਸ਼ਰਾ ਨਾਲ 1 ਜਨਵਰੀ ਨੂੰ ਵਿਆਹ ਰਚਾਇਆ ਹੈ। ਰੇਹਮ ਨੇ ਕਿਹਾ ਕਿ 'ਦੋਵਾਂ ਨੇ 2 ਮਹੀਨੇ ਪਹਿਲਾਂ ਹੀ ਵਿਆਹ ਕਰਵਾ ਲਿਆ ਸੀ ਅਤੇ ਖੁਲਾਸਾ ਬਾਅਦ ਵਿਚ ਕੀਤਾ।' ਠੀਕ ਅਜਿਹਾ ਹੀ ਉਨ੍ਹਾਂ ਨੇ ਮੇਰੇ ਨਾਲ ਵਿਆਹ ਕਰਨ ਤੋਂ ਬਾਅਦ ਕੀਤਾ ਸੀ।'
ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ) ਆਉਣ ਵਾਲੀਆਂ ਆਮ ਚੋਣਾਂ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀ.ਐਮ.ਐਲ-ਐਨ) ਸਰਕਾਰ ਨੂੰ ਟੱਕਰ ਦੇਣਾ ਚਾਹੁੰਦੀ ਹੈ। ਚੋਣਾਂ ਇਸ ਸਾਲ ਜੁਲਾਈ ਵਿਚ ਹੋਣੀਆਂ ਹਨ। ਅਜਿਹੇ ਵਿਚ ਰੇਹਮ ਦੇ ਬਿਆਨ ਦਾ ਸਿਆਸੀ ਅਸਰ ਵੀ ਪੈ ਸਕਦਾ ਹੈ। ਦੱਸਣਯੋਗ ਹੈ ਕਿ ਇਮਰਾਨ ਖਾਨ ਦਾ ਪਹਿਲਾ ਵਿਆਹ ਬ੍ਰਿਟਿਸ਼ ਅਰਬਪਤੀ ਦੀ ਧੀ ਜੇਮਿਮਾ ਗੋਲਡਸਮਿਥ ਨਾਲ 1995 ਵਿਚ ਹੋਇਆ ਸੀ।
ਜੇਮਿਮਾ ਨਾਲ 9 ਸਾਲ ਤੱਕ ਵਿਆਹ ਦੇ ਬੰਧਨ ਵਿਚ ਰਹਿਣ ਤੋਂ ਬਾਅਦ ਦੋਵਾਂ ਨੇ ਆਪਸੀ ਸਹਿਮਤੀ ਨਾਲ 2004 ਵਿਚ ਤਲਾਕ ਲੈ ਲਿਆ ਸੀ। 2015 ਵਿਚ ਟੀਵੀ ਪ੍ਰੈਜੈਂਟਰ ਰੇਹਮ ਖਾਨ ਨਾਲ ਇਮਰਾਨ ਖਾਨ ਨੇ ਦੂਜਾ ਵਿਆਹ ਕੀਤਾ ਪਰ ਇਹ ਰਿਸ਼ਤਾ ਵੀ ਸਿਰਫ 10 ਮਹੀਨਿਆਂ ਤੱਕ ਹੀ ਚੱਲ ਸਕਿਆ।