
ਤਹਿਰਾਨ: ਔਰਤਾਂ ਦੀ ਆਜ਼ਾਦੀ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਖ਼ਰਾਬ ਹਾਲਾਤ ਨੂੰ ਬਿਆਨ ਕਰਨ ਵਾਲੀ ਖ਼ਬਰ ਈਰਾਨ ਤੋਂ ਆਈ ਹੈ। ਜਿਥੇ ਇਕ ਔਰਤ ਨੂੰ ਸਿਰ ਤੋਂ ਦੁਪੱਟਾ ਉਤਾਰਨ ਦੇ ਜੁਰਮ 'ਚ ਦੋ ਸਾਲ ਦੀ ਸਜ਼ਾ ਸੁਣਾਈ ਗਈ। ਈਰਾਨ ਕੋਰਟ ਦੇ ਇਸ ਅਜੀਬੋ-ਗ਼ਰੀਬ ਫ਼ੈਸਲੇ ਤੋਂ ਬਾਅਦ ਉੱਥੇ ਔਰਤਾਂ ਦੀ ਆਜ਼ਾਦੀ ਅਤੇ ਖ਼ਰਾਬ ਹਾਲਾਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਈਰਾਨ 'ਚ ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗੀਆਂ ਹਨ ਜਿਸ ਦੀ ਇਹ ਸਿਰਫ਼ ਇਕ ਝਲਕ ਹੈ।
ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ, ਈਰਾਨ 'ਚ ਅਦਾਲਤ ਨੇ ਇਕ ਔਰਤ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਨੇ ਜਨਤਕ ਵਿਰੋਧ ਦੇ ਤੌਰ 'ਤੇ ਅਪਣੇ ਸਿਰ ਤੋਂ ਦੁਪੱਟਾ ਉਤਾਰ ਦਿਤਾ ਸੀ ਜਿਸ ਨੂੰ ਈਰਾਨ 'ਚ ਕਾਨੂੰਨ ਦੀ ਉਲੰਘਣਾ ਮੰਨਿਆ ਗਿਆ ਅਤੇ ਔਰਤ ਵਿਰੁਧ ਕੇਸ ਚਲਿਆ ਜਿਸ ਤੋਂ ਬਾਅਦ ਉਸ ਨੂੰ ਸਜ਼ਾ ਸੁਣਾਈ ਗਈ।
ਕੋਰਟ ਰੁਮ 'ਚ ਮੁਨਸਫ਼ ਨੇ ਮਹਿਲਾ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਅਤੇ ਸਜ਼ਾ ਦੇ ਸ਼ੁਰੂਆਤੀ ਤਿੰਨ ਮਹੀਨਿਆਂ ਤਕ ਔਰਤ ਨੂੰ ਜ਼ਮਾਨਤ ਨਹੀਂ ਮਿਲੇਗੀ। ਈਰਾਨ 'ਚ ਔਰਤਾਂ ਲਈ ਨਿਯਮ ਕਾਨੂੰਨ ਬਹੁਤ ਸਖ਼ਤ ਹਨ ਜਿਸ ਦੇ ਤਹਿਤ ਉਥੇ ਹਰ ਇਕ ਔਰਤ ਨੂੰ ਅਪਣੇ ਸਿਰ 'ਤੇ ਦੁਪੱਟਾ ਰਖਣਾ ਲਾਜ਼ਮੀ ਹੁੰਦਾ ਹੈ। ਕੋਰਟ 'ਚ ਤਹਿਰਾਨ ਦੇ ਸਰਕਾਰੀ ਵਕੀਲ ਅੱਬਾਸ ਜ਼ਾਫ਼ਾਰੀ ਦੌਲਤਾਬਾਦੀ ਨੇ ਮਹਿਲਾ ਨੂੰ ਸਜ਼ਾ ਸੁਣਾਈ ਜਾਣ ਦਾ ਐਲਾਨ ਕੀਤਾ। ਅਦਾਲਤ ਨੇ ਔਰਤ ਦੀ ਪਹਿਚਾਣ ਜਨਤਕ ਨਹੀਂ ਕੀਤੀ ਪਰ ਕੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਔਰਤ ਚਾਹੇ ਤਾਂ ਇਸ ਫ਼ੈਸਲੇ ਵਿਰੁਧ ਅਪੀਲ ਵੀ ਕਰ ਸਕਦੀ ਹੈ।