
ਤਹਿਰਾਨ, 12 ਮਾਰਚ : ਈਰਾਨ 'ਚ ਤੁਰਕੀ ਦਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸ 'ਚ ਸਵਾਰ ਸਾਰੇ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਤੁਰਕੀ ਦੇ ਬਿਜ਼ਨਸਮੈਨ ਹੁਸੈਨ ਬਸਾਰਨ ਦੀ ਬੇਟੀ ਮੀਨਾ ਬਸਾਰਨ (28) ਦੀ ਵੀ ਮੌਤ ਹੋ ਗਈ। ਉਸ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ। ਮੀਨਾ ਵਿਆਹ ਤੋਂ ਪਹਿਲਾਂ ਅਪਣੇ ਦੋਸਤਾਂ ਨਾਲ ਪਾਰਟੀ ਮਨਾਉਣ ਜਾ ਰਹੀ ਸੀ।ਈਰਾਨ ਆਪਾਤਕਾਲ ਸੰਗਠਨ ਦੇ ਬੁਲਾਰੇ ਨੇ ਦਸਿਆ ਕਿ ਇਹ ਜਹਾਜ਼ ਜਾਗਰੋਸ ਦੀ ਪਹਾੜੀਆਂ 'ਚ ਹਾਦਸਾਗ੍ਰਸਤ ਹੋਇਆ ਹੈ ਅਤੇ ਐਤਵਾਰ ਤੋਂ ਹੀ ਇਥੇ ਭਾਰੀ ਮੀਂਹ ਪੈ ਰਿਹਾ ਹੈ। ਹਾਦਸੇ ਤੋਂ ਬਾਅਦ ਸਥਾਨਕ ਲੋਕ ਐਤਵਾਰ ਸ਼ਾਮ ਨੂੰ ਜਹਾਜ਼ ਦੇ ਮਲਬੇ ਨੇੜੇ ਪੁੱਜੇ। ਲਾਸ਼ਾਂ ਬੁਰੀ ਤਰ੍ਹਾਂ ਸੜ ਚੁਕੀਆਂ ਸਨ, ਜਿਨ੍ਹਾਂ ਦੀ ਪਛਾਣ ਡੀ.ਐਨ.ਏ. ਜਾਂਚ ਮਗਰੋਂ ਹੀ ਕੀਤੀ ਜਾ ਸਕੇਗੀ। ਈਰਾਨ ਦੇ ਹਵਾਬਾਜ਼ੀ ਸੰਗਠਨ (ਓ.ਵੀ.ਏ.) ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।
ਓ.ਵੀ.ਏ. ਮੁਤਾਬਕ ਜਹਾਜ਼ 'ਚ ਚਾਲਕ ਟੀਮ ਦੇ ਤਿੰਨ ਮੈਂਬਰ ਅਤੇ 8 ਨੌਜਵਾਨ ਲੜਕੀਆਂ ਸਵਾਰ ਸਨ। ਜਹਾਜ਼ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਹਾਂ ਤੋਂ ਇਸਤਾਂਬੁਲ ਜਾ ਰਿਹਾ ਸੀ। ਹਵਾ 'ਚ ਜਹਾਜ਼ ਨੂੰ ਅੱਗ ਲਗਦਿਆਂ ਵੇਖਿਆ ਗਿਆ।ਈਰਾਨ ਦੇ ਨਾਗਰਿਕ ਹਵਾਬਾਜ਼ੀ ਸੰਗਠਨ ਦੇ ਮੁਖੀ ਰਜ਼ਾ ਜ਼ਫ਼ਰਜਾਦੇਹ ਨੇ ਦਸਿਆ ਕਿ ਹਾਦਸੇ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲਗਿਆ ਹੈ। 14 ਅਪ੍ਰੈਲ ਨੂੰ ਬਿਜ਼ਨਸਮੈਨ ਮੁਰਤ ਗੀਜਰ ਨਾਲ ਮੀਨਾ ਦਾ ਵਿਆਹ ਇਸਤਾਂਬੁਲ ਦੇ ਸਿਰਾਲੀ ਪੈਲੇਸ 'ਚ ਹੋਣਾ ਸੀ। ਜਿਹੜਾ ਜਹਾਜ਼ ਹਾਦਸਾਗ੍ਰਸਤ ਹੋਇਆ ਉਹ ਮੀਨਾ ਦੇ ਪਿਤਾ ਦਾ ਹੀ ਸੀ ਅਤੇ ਕੈਨੇਡੀਆਈ ਕੰਪਨੀ ਬਾਮਬੇਡਿਅਰ ਚੈਲੇਂਜਰ ਨੇ ਬਣਾਇਆ ਸੀ। (ਪੀਟੀਆਈ)