
ਨਵੀਂ ਦਿੱਲੀ- ਭਾਰਤ ਦੇ 6 ਦਿਨਾਂ ਦੌਰੇ ਲਈ ਆਏ ਇਜ਼ਰਾਇਲੀ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅੱਜ ਆਗਰਾ ‘ਚ ਤਾਜ ਮਹਿਲ ਦੇ ਦੀਦਾਰ ਕਰਨਗੇ। ਇਜ਼ਰਾਇਲ ਦੇ ਪ੍ਰਧਾਨਮੰਤਰੀ ਬੇਂਜਾਮਿਨ ਨੇਤਨਯਾਹੂ ਆਪਣੀ ਯਾਤਰਾ ਦੇ ਤੀਸਰੇ ਦਿਨ ਅੱਜ ਪਿਆਰ ਦੀ ਨਿਸ਼ਾਨੀ ਤਾਜ ਮਹਿਲ ਦਾ ਦੀਦਾਰ ਕਰਨਗੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸਾਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਹੋਣਗੀ। ਉਨ੍ਹਾਂ ਦੇ ਸਵਾਗਤ ਲਈ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਅਨਾਥ ਆਗਰਾ ਵਿੱਚ ਮੌਜੂਦ ਹਨ।


ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦਾ ਬੀਤੇ ਦਿਨੀ ਰਾਸ਼ਟਰਪਤੀ ਭਵਨ ‘ਚ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਨੂੰ ਗਾਰਡ ਆਫ ਆਨਰ ਦਾ ਸਨਮਾਨ ਦਿੱਤਾ ਗਿਆ। ਗਾਰਡ ਆਫ ਆਨਰ ਤੋਂ ਬਾਅਦ ਬੇਂਜਾਮਿਨ ਨੇਤਨਯਾਹੂ ਨੇ ਪੀਐਮ ਮੋਦੀ ਦੀ ਤਾਰੀਫ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਅਤੇ ਖੁਸ਼ਹਾਲੀ ਲਈ ਦੋਵੇਂ ਦੇਸ਼ਾਂ ਦੀ ਸਾਂਝੇਦਾਰੀ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਦੇ ਇਜ਼ਰਾਇਲ ਦੌਰੇ ਤੋਂ ਸਾਡੀ ਦੋਸਤੀ ਸ਼ੁਰੂ ਹੋਈ।
ਨੇਤਨਯਾਹੂ ਨੇ ਕਿਹਾ, ਪੀਐਮ ਮੋਦੀ ਦੇ ਇਜ਼ਰਾਇਲੀ ਦੌਰੇ ਦੇ ਇਤਿਹਾਸਿਕ ਦੌਰੇ ਨਾਲ ਦੋਸਤੀ ਦਾ ਇਹ ਸਿਲਸਿਲਾ ਸ਼ੁਰੂ ਹੋਇਆ, ਜਿਸਨੇ ਜਬਰਦਸਤ ਉਤਸ਼ਾਹ ਪੈਦਾ ਕੀਤਾ। ਮੇਰੀ ਯਾਤਰਾ ਦੇ ਨਾਲ ਇਹ ਜਾਰੀ ਰਹੇਗਾ। ਇਹ ਯਾਤਰਾ ਮੇਰੀ ਪਤਨੀ ਅਤੇ ਮੇਰੇ ਨਾਲ ਇਜ਼ਰਾਇਲ ਵਾਸੀਆਂ ਲਈ ਕਾਫ਼ੀ ਅਹਿਮ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨੇਤਨਯਾਹੂ ਨੇ ਭਾਰਤ-ਇਜ਼ਰਾਇਲ ਸੰਬੰਧਾਂ ਨੂੰ ‘ਸਵਰਗ ‘ਚ ਬਣੀ ਜੋੜੀ’ ਵਰਗਾ ਕਰਾਰ ਦਿੰਦੇ ਹੋਏ ਕਿਹਾ ਕਿ ਸੰਯੁਕਤ ਰਾਸ਼ਟਰ ‘ਚ ਯਰੂਸ਼ਲਮ ਮੁੱਦੇ ‘ਤੇ ਭਾਰਤ ਵਲੋਂ ਇਜ਼ਰਾਈਲ ਦੇ ਖਿਲਾਫ ਵੋਟ ਕੀਤੇ ਜਾਣ ‘ਤੇ ਉਨ੍ਹਾਂ ਦੇ ਦੇਸ਼ ਨੂੰ ਨਿਰਾਸ਼ਾ ਹੋਈ ਪਰ ਇਸ ਨਾਲ ਦੋਵਾਂ ਦੇਸ਼ਾਂ ਦੇ ਸੰਬੰਧਾਂ ‘ਚ ਕੋਈ ਫਰਕ ਨਹੀਂ ਪਵੇਗਾ।