
ਦਮਿਸ਼ਕ, 9 ਜਨਵਰੀ : ਇਜ਼ਰਾਈਲੀ ਫ਼ੌਜ ਨੇ ਸੀਰੀਆ 'ਚ ਰਾਤ ਭਰ ਹਵਾਈ ਹਮਲੇ ਕੀਤੇ ਅਤੇ ਰਾਕੇਟ ਦਾਗੇ, ਜਿਸ ਕਾਰਨ 'ਫ਼ੌਜੀ ਅੱਡੇ' ਨੇੜੇ ਕਾਫ਼ੀ ਨੁਕਸਾਨ ਪੁੱਜਾ ਹੈ। ਸੀਰੀਆਈ ਫ਼ੌਜ ਨੇ ਅੱਜ ਇਕ ਬਿਆਨ 'ਚ ਕਿਹਾ ਕਿ ਇਜ਼ਰਾਈਲੀ ਹਵਾਈ ਫ਼ੌਜ ਨੇ ਦਮਿਸ਼ਕ ਦੇ ਉੱਤਰ-ਪੂਰਬ 'ਚ ਕੁਤਾਫੇਹ ਇਲਾਕੇ ਵਿਚ ਇਕ ਫ਼ੌਜੀ ਅੱਡੇ ਨੇੜੇ ਹਵਾਈ ਹਮਲੇ ਕੀਤੇ। ਸੀਰੀਆਈ ਫ਼ੌਜ ਨੇ ਵੀ ਇਸ ਦਾ ਜਵਾਬ ਦਿਤਾ ਅਤੇ ਉਸ ਦੇ ਇਕ ਜਹਾਜ਼ 'ਤੇ ਹਮਲਾ ਕੀਤਾ।
ਬਿਆਨ 'ਚ ਕਿਹਾ ਗਿਆ ਹੈ ਕਿ ਇਜ਼ਰਾਈਲ ਨੇ ਉਸ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਤੋਂ ਸੀਰੀਆ 'ਚ ਜ਼ਮੀਨ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾਗ਼ੀਆਂ, ਪਰ ਸੀਰੀਆਈ ਫ਼ੌਜ ਨੇ ਉਨ੍ਹਾਂ ਦਾ ਪਤਾ ਲਗਾ ਲਿਆ। ਇਜ਼ਰਾਈਲੀ ਫ਼ੌਜ ਨੇ ਸਾਲ 2011 'ਚ ਸੀਰੀਆ ਵਿਚ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ ਸੀਰੀਆਈ ਫ਼ੌਜ ਅਤੇ ਉਨ੍ਹਾਂ ਦੇ ਸਹਿਯੋਗੀ ਹਿਜਬੁੱਲਾ 'ਤੇ ਕਈ ਹਮਲੇ ਕੀਤੇ।ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਸਾਲ 1967 ਦੇ 6 ਦਿਨ ਤਕ ਚਲੇ ਯੁੱਧ 'ਚ ਸੀਰੀਆ ਤੋਂ ਗੋਲਨ ਹਾਈਟਸ ਦੇ 1200 ਵਰਗ ਕਿਲੋਮੀਟਰ ਦੇ ਹਿੱਸੇ 'ਤੇ ਕਬਜ਼ਾ ਕਰ ਲਿਆ ਸੀ, ਪਰ ਕੌਮਾਂਤਰੀ ਭਾਈਚਾਰੇ ਨੇ ਕਦੇ ਇਸ ਨੂੰ ਮਾਨਤਾ ਨਹੀਂ ਦਿਤੀ। (ਪੀਬਟੀਆਈ)