
ਦੁਬਈ - ਦੁਬਈ ਦੇ ਸ਼ਾਸਕ ਦੀ ਧੀ ਆਖ਼ਿਰਕਾਰ ਦੇਸ਼ ਛਡ ਕੇ ਭੱਜ ਨਿਕਲੀ। ਅਜਿਹਾ ਕੀ ਹੋਇਆ ਜੋ ਉਸ ਨੂੰ ਦੇਸ਼ ਛਡ ਕੇ ਭੱਜਣ ਨੂੰ ਮਜ਼ਬੂਰ ਹੋਣਾ ਪਿਆ। ਦੁਬਈ ਦੇ ਬਾਦਸ਼ਾਹ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਲਤੌਮ ਦੀ ਧੀ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਆਮ ਜ਼ਿੰਦਗੀ ਜਿਉਣ ਲਈ ਦੇਸ਼ ਛੱਡ ਕੇ ਫਰਾਰ ਹੋਈ ਹੈ, ਕਿਉਂਕਿ ਪਿਛਲੇ 3 ਸਾਲਾਂ ਤੋਂ ਉਸ ਨੂੰ ਹਸਪਤਾਲ 'ਚ ਬੰਨ੍ਹ ਕੇ ਰੱਖਿਆ ਜਾ ਰਿਹਾ ਸੀ।
ਬਰਤਾਨੀਆ ਮੀਡੀਆ ਨੂੰ ਭੇਜੇ ਇਕ ਸੰਦੇਸ਼ 'ਚ 33 ਸਾਲਾ ਰਾਜਕੁਮਾਰੀ ਸ਼ੇਖ ਲਾਤਿਫ਼ਾ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ 16 ਸਾਲ ਦੀ ਉਮਰ 'ਚ ਇਕ ਵਾਰ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਦੋਂ ਤੋਂ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ ਅਤੇ ਉਸ ਨੂੰ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦੀ ਇਜਾਜ਼ਤ ਨਹੀਂ ਸੀ। ਸਾਲ 2000 ਤੋਂ ਬਾਅਦ ਉਸ ਦੇ ਦੇਸ਼ ਤੋਂ ਬਾਹਰ ਜਾਣ ਦੀ ਪਾਬੰਦੀ ਸੀ ਅਤੇ ਉਹ ਗੱਡੀ ਨਹੀਂ ਚਲਾ ਸਕਦੀ ਅਤੇ 24 ਘੰਟੇ ਉਸ 'ਤੇ ਨਜ਼ਰ ਰੱਖੀ ਜਾਂਦੀ ਸੀ।
ਉਸ ਦੇ ਸਖ਼ਤ ਵਿਵਹਾਰ ਨੂੰ ਕੰਟਰੋਲ ਕਰਨ ਲਈ ਕੈਦ ਕਰ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ ਅਤੇ ਕੁੱਝ ਜਾਨਵਰਾਂ ਨੂੰ ਛਡ ਕੇ ਕੋਈ ਉਸ ਦਾ ਦੋਸਤ ਵੀ ਨਹੀਂ ਸੀ। ਜ਼ਿਕਰਯੋਗ ਹੈ ਕਿ ਲਾਤਿਫ਼ਾ ਦੇ ਕਹਿਣ ਮੁਤਾਬਕ ਸ਼ੇਖ ਮੁਹੰਮਦ ਦੀਆਂ 6 ਪਤਨੀਆਂ ਅਤੇ 30 ਬੱਚੇ ਹਨ। ਉਹ ਬਾਦਸ਼ਾਹ ਦੀ ਬਹੁਤ ਘੱਟ ਚਰਚਿਤ ਪਤਨੀ ਦੀਆਂ ਤਿੰਨ ਬੇਟੀਆਂ 'ਚੋਂ ਇਕ ਹੈ। ਉਸ ਦਾ ਦੁਬਈ 'ਚ ਕੋਈ ਸਮਾਜਕ ਜੀਵਨ ਵੀ ਨਹੀਂ ਹੈ। ਫ਼ਰਾਰ ਰਾਜਕੁਮਾਰੀ ਦੇ ਮੁਤਾਬਕ ਪਹਿਲਾਂ ਵੀ ਦੁਬਈ ਦੀਆਂ 2 ਰਾਜਕੁਮਾਰੀਆਂ ਦੇਸ਼ ਛੱਡ ਕੇ ਭੱਜ ਚੁੱਕੀਆਂ ਹਨ। ਉਨ੍ਹਾਂ 'ਚੋਂ ਇਕ ਬਾਅਦ 'ਚ ਫੜੀ ਗਈ ਸੀ।
ਲਾਤਿਫ਼ਾ ਫ਼੍ਰਾਂਸੀਸੀ ਜਾਸੂਸ ਦੀ ਮਦਦ ਨਾਲ ਫ਼ਰਾਰ ਹੋਈ ਹੈ ਅਤੇ ਉਸ ਨੇ ਅਮਰੀਕਾ ਤੋਂ ਪਨਾਹ ਦੀ ਮੰਗ ਕੀਤੀ ਹੈ। ਇਸ ਦੇ ਲਈ ਉਸ ਨੇ ਅਮਰੀਕਾ 'ਚ ਇਕ ਵਕੀਲ ਨਾਲ ਸੰਪਰਕ ਕੀਤਾ ਹੈ ਅਤੇ ਉਸ ਦਾ ਦਾਅਵਾ ਹੈ ਕਿ ਉਹ ਦਖਣੀ ਭਾਰਤ ਦੇ ਸਮੁੰਦਰੀ ਤਟ ਨੇੜੇ ਹੈ ਅਤੇ ਉਸ ਨੂੰ ਹਾਲੇ ਵੀ ਖ਼ਤਰਾ ਹੈ। ਉਨ੍ਹਾਂ ਨੂੰ ਜ਼ਬਰਦਸਤੀ ਦੁਬਈ ਵਾਪਸ ਲਿਆਂਦਾ ਜਾ ਸਕਦਾ ਹੈ।
ਲਾਤਿਫ਼ਾ ਦਾ ਕਹਿਣਾ ਹੈ ਕਿ ਉਸ ਦੇ ਦੇਸ਼ ਵਿਚ ਉਸ ਨੂੰ ਉਨੀਂ ਵੀ ਆਜ਼ਾਦੀ ਨਹੀਂ ਹੈ ਜਿਨ੍ਹਾਂ ਦੂਜੇ ਮੁਲਕਾਂ ਦੇ ਲੋਕ ਇਥੇ ਬਤੋਰ ਯਾਤਰੀ ਆ ਕੇ ਕਰਦੇ ਹਨ। ਲਾਤਿਫ਼ਾ ਦੇ ਮੁਤਾਬਕ ਜਦੋਂ ਤੁਹਾਨੂੰ ਆਜ਼ਾਦੀ ਹੁੰਦੀ ਹੈ ਤਾਂ ਤੁਸੀਂ ਇਸ ਦਾ ਮੁੱਲ ਨਹੀਂ ਸਮਝ ਪਾਉਂਦੇ ਹੋ ਪਰ ਜੇਕਰ ਤੁਸੀਂ ਆਜ਼ਾਦ ਨਹੀਂ ਹੁੰਦੇ ਹੋ ਉਦੋਂ ਤੁਹਾਨੂੰ ਇਸਦੀ ਅਹਿਮੀਅਤ ਪਤਾ ਚਲਦੀ ਹੈ।