
ਲਾਹੌਰ : ਪਾਕਿਸਤਾਨ ਦੇ ਸਕੂਲੀ ਬੱਚਿਆਂ ਲਈ ਸ਼ਾਇਦ ਇਹ ਬੁਰੀ ਖ਼ਬਰ ਹੋ ਸਕਦੀ ਹੈ। ਉਨ੍ਹਾਂ ਨੂੰ ਸਕੂਲ ਵਿਚ ਹੋਣ ਵਾਲੇ ਕਈ ਸਮਾਗਮਾਂ ਵਿਚ ਡਾਂਸ ਕਰਨ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਇਸ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਹਾਲਾਂਕਿ ਇਹ ਪੂਰੇ ਪਾਕਿਸਤਾਨ ਵਿਚ ਨਹੀਂ, ਸਗੋਂ ਪੰਜਾਬ ਪ੍ਰਾਂਤ ਦੇ ਸਕੂਲਾਂ ਵਿਚ ਡਾਂਸ 'ਤੇ ਪਾਬੰਦੀ ਲਗਾਈ ਗਈ ਹੈ। ਕਿਹਾ ਗਿਆ ਕਿ ਇਹ ਧਰਮ ਅਤੇ ਨੀਤੀ-ਵਿਰੁਧ ਹੈ।
ਸਰਕਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਡਾਂਸ ਜਾਂ ਹੋਰ ਅਨੈਤਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਮਜਬੂਰ ਕਰਨ ਵਾਲੇ ਸਕੂਲਾਂ ਦਾ ਲਾਇਸੈਂਸ ਰੱਦ ਕਰ ਦਿਤਾ ਜਾਵੇਗਾ। ਪ੍ਰਤੀਬੰਧ ਦੀ ਉਲੰਘਣਾ ਕਰਨ ਵਾਲੇ ਅਧਿਆਪਕਾਂ ਅਤੇ ਅਦਾਰੇ ਦੇ ਮੁਖੀਆਂ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਇਹ ਆਦੇਸ਼ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਬਰਾਬਰ ਲਾਗੂ ਕੀਤਾ ਜਾਵੇਗਾ। ਇਕ ਨਿਜੀ ਅਖ਼ਬਾਰ 'ਚ ਛਪੀ ਖ਼ਬਰ ਦੇ ਮੁਤਾਬਕ ਸਕੂਲਾਂ ਵਿਚ ਖ਼ਾਸ ਮੌਕਿਆਂ 'ਤੇ ਡਾਂਸ ਕਰਨ ਦੀ ਪਰੰਪਰਾ ਰਹੀ ਹੈ। ਅਧਿਆਪਕ ਦਿਵਸ, ਪੈਰੇਂਟਸ ਡੇ, ਓਰੀਏਂਟੇਸ਼ਨ ਡੇ, ਸਕੂਲ ਸਥਾਪਨਾ ਦਿਵਸ ਵਰਗੇ ਮੌਕਿਆਂ 'ਤੇ ਬੱਚੇ ਪਾਕਿਸਤਾਨੀ ਅਤੇ ਭਾਰਤੀ ਗੀਤਾਂ 'ਤੇ ਡਾਂਸ ਕਰਦੇ ਰਹੇ ਹਨ। ਸਰਕਾਰੀ ਆਦੇਸ਼ ਤੋਂ ਬਾਅਦ ਹੁਣ ਇਸ 'ਤੇ ਪਾਬੰਦੀ ਲਗਾ ਦਿਤੀ ਗਈ ਹੈ।
ਇਹ ਪਾਬੰਦੀ ਪੰਜਾਬ ਦੇ ਸਰਕਾਰੀ ਅਤੇ ਗ਼ੈਰ - ਸਰਕਾਰੀ ਦੋਵਾਂ ਸਕੂਲਾਂ ਵਿਚ ਲਾਗੂ ਕੀਤਾ ਗਿਆ ਹੈ। ਸੂਬੇ ਦੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਇਸ ਆਦੇਸ਼ ਦਾ ਸਖ਼ਤੀ ਨਾਲ ਪਾਲਣ ਹੋਵੇ, ਇਸਨੂੰ ਉਹ ਭਰੋਸੇਮੰਦ ਬਣਾਉਣ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾਂ ਵਿਚ ਸਟਾਈਲਿਸ਼ ਦਾੜ੍ਹੀ ਬਣਾਉਣ ਤੋਂ ਮਨ੍ਹਾ ਕਰ ਦਿਤਾ ਸੀ।