ਓਟਾਵਾ : ਅਪਣੇ ਹੱਕ ਦੀ ਲੜਾਈ ਤਾਂ ਹਰ ਕੋਈ ਲੜਦਾ ਹੈ ਪਰ ਦੂਜਿਆਂ ਦੇ ਹੱਕ ਲਈ ਆਵਾਜ਼ ਉਠਾਉਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਕੈਨੇਡਾ 'ਚ 72 ਸਾਲ ਪਹਿਲਾਂ ਨਸਲਵਾਦ ਵਿਰੁਧ ਅੰਦੋਲਨ ਛੇੜਨ ਵਾਲੀ ਅਫ਼ਰੀਕਨ-ਕੈਨੇਡੀਅਨ ਔਰਤ ਵਿਓਲਾ ਡੇਸਮੰਡ ਨੂੰ ਕੈਨੇਡਾ ਦੇ ਬੈਂਕ ਨੇ ਬਣਦਾ ਮਾਣ ਦਿਤਾ ਹੈ। ਬੀਤੇ ਵੀਰਵਾਰ ਨੂੰ ਕੈਨੇਡਾ ਦੇ ਬੈਂਕ ਨੇ 10 ਡਾਲਰ ਦਾ ਨਵਾਂ ਨੋਟ ਜਾਰੀ ਕੀਤਾ, ਜਿਸ 'ਤੇ ਵਿਓਲਾ ਡੇਸਮੰਡ ਦੀ ਤਸਵੀਰ ਲਾਈ ਗਈ ਹੈ।
ਵਿਓਲਾ ਦਾ ਜਨਮ 1914 'ਚ ਕੈਨੇਡਾ ਦੇ ਹੈਲੀਫੈਕਸ 'ਚ ਹੋਇਆ ਸੀ। ਉਹ ਕੈਨੇਡਾ 'ਚ ਇਕ ਸਫ਼ਲ ਕਾਰੋਬਾਰੀ ਔਰਤ ਸੀ। ਵਿਓਲਾ ਸਾਲ 1946 'ਚ ਰੰਗ ਭੇਦ ਅਤੇ ਨਾਗਰਿਕ ਅਧਿਕਾਰ ਅੰਦੋਲਨ ਦਾ ਚਿਹਰਾ ਬਣੀ। 7 ਫ਼ਰਵਰੀ 1965 'ਚ ਉਸ ਦੀ ਮੌਤ ਹੋ ਗਈ ਸੀ। ਸਾਲ 1946 'ਚ ਵਿਓਲਾ ਇਕ ਥੀਏਟਰ ਵਿਚ ਫ਼ਿਲਮ ਦੇਖਣ ਗਈ ਸੀ। ਉਸ ਨੂੰ ਅਗਲੀ ਸੀਟ ਦੀ ਟਿਕਟ ਨਹੀਂ ਮਿਲੀ ਤਾਂ ਉਸ ਨੇ ਬਾਲਕਾਨੀ ਸੀਟ ਦੀ ਟਿਕਟ ਲੈ ਲਈ ਤੇ ਉੱਥੇ ਜਾ ਕੇ ਬੈਠ ਗਈ। ਹਾਲਾਂਕਿ ਉਹ ਇਥੇ ਵੀ ਸੀਟ 'ਤੇ ਨਹੀਂ ਸਗੋਂ ਉਸ ਨੂੰ ਜ਼ਮੀਨ 'ਤੇ ਬੈਠਣਾ ਪਿਆ ਭਾਵ ਉਸ ਨੂੰ ਨਸਲਭੇਦ ਦੀ ਸ਼ਿਕਾਰ ਹੋਣਾ ਪਿਆ।
ਇਸ ਦੌਰਾਨ ਕੁੱਝ ਲੋਕ ਉੱਥੇ ਆਏ ਅਤੇ ਵਿਓਲਾ ਨੂੰ ਕਿਹਾ ਕਿ ਬਾਲਕਾਨੀ ਦੀ ਥਾਂ ਗੋਰੇ ਵਰਗ ਦੇ ਲੋਕਾਂ ਲਈ ਰਾਖਵੀਂ ਹੈ। ਵਿਓਲਾ ਨੂੰ ਕਿਹਾ ਕਿ ਗਿਆ ਕਿ ਬਾਲਕਾਨੀ ਏਰੀਏ ਦੀ ਸੀਟ ਤਾਂ ਦੂਰ, ਉਹ ਜ਼ਮੀਨ 'ਤੇ ਵੀ ਬੈਠਣ ਦੀ ਵੀ ਹੱਕਦਾਰ ਨਹੀਂ ਹੈ। ਗੈਰ-ਗੋਰੀ ਕਹਿ ਕੇ ਵਿਓਲਾ ਨੂੰ ਹੇਠਾਂ ਦੀਆਂ ਸੀਟਾਂ 'ਤੇ ਜਾ ਕੇ ਬੈਠਣ ਲਈ ਕਿਹਾ ਗਿਆ। ਇਸ ਲਈ ਵਿਓਲਾ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਉਥੋਂ ਉਠ ਕੇ ਜਾਣ ਤੋਂ ਇਨਕਾਰ ਕਰ ਦਿਤਾ।
ਵਿਓਲਾ ਨੂੰ ਦੰਗੇ ਭੜਕਾਉਣ ਦੇ ਦੋਸ਼ ਵਿਚ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਤੇ ਉਹ 12 ਘੰਟੇ ਜੇਲ ਵਿਚ ਰਹੀ। ਉਨ੍ਹਾਂ 'ਤੇ 1300 ਰੁਪਏ ਦਾ ਜੁਰਮਾਨਾ ਵੀ ਲੱਗਾ। ਜੇਲ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਰੰਗ ਭੇਦ ਵਿਰੁਧ ਆਵਾਜ਼ ਚੁਕੀ। ਵਿਓਲਾ ਨੂੰ ਪੂਰੇ ਕੈਨੇਡਾ ਤੋਂ ਇਸ ਲਈ ਲੋਕਾਂ ਦਾ ਵੱਡਾ ਸਮਰਥਨ ਮਿਲਿਆ। ਵਿਓਲਾ ਉਹ ਔਰਤ ਸੀ ਜੋ ਕਿ ਦੂਜਿਆਂ ਦੇ ਹੱਕ ਲਈ ਅਤੇ ਨਾਗਰਿਕ ਅਧਿਕਾਰਾਂ ਲਈ ਲੜੀ, ਕੈਨੇਡਾ 'ਚ ਰਹਿੰਦੀਆਂ ਗ਼ੈਰ-ਗੋਰੀਆਂ ਔਰਤਾਂ ਸਮੇਤ ਦੇਸ਼ ਦੇ 26 ਹਜ਼ਾਰ ਲੋਕਾਂ ਨੇ ਵਿਓਲਾ ਦੀ ਫ਼ੋਟੋ ਨੋਟ 'ਤੇ ਲਾਉਣ ਲਈ ਵੋਟਾਂ ਪਾਈਆਂ। ਜਿਸ 'ਤੇ ਕੈਨੇਡਾ ਬੈਂਕ ਨੇ ਅਮਲ ਕੀਤਾ। ਵਿਓਲਾ ਦੀ ਮੌਤ 1965 'ਚ ਹੋਈ ਅਤੇ ਉਨ੍ਹਾਂ ਦਾ ਇਹ ਅੰਦੋਲਨ ਸਫ਼ਲ ਰਿਹਾ। ਵਿਓਲਾ ਦੀ ਮੌਤ ਦੇ 53 ਸਾਲਾਂ ਬਾਅਦ ਹੁਣ ਉਨ੍ਹਾਂ ਦੇ ਸੰਘਰਸ਼ ਨੂੰ ਪਹਿਚਾਣ ਮਿਲੀ ਹੈ।
end-of