
ਬਰਨ: ਸਵਿਟਰਜ਼ਲੈਂਡ ਵਿਚ ਪਹਿਲੀ ਵਾਰੀ ਭਾਰਤੀ ਮੂਲ ਦਾ ਵਿਅਕਤੀ ਨਿਕਲੌਸ-ਸੈਮੂਅਲ ਗੱਗਰ ਸੰਸਦੀ ਮੈਂਬਰ ਬਣ ਗਿਆ ਹੈ। 48 ਸਾਲਾ ਨਿਕਲੌਸ ਸਵਿਸ ਸੰਸਦ ਦੇ ਸਭ ਤੋਂ ਨੌਜਵਾਨ ਮੈਂਬਰ ਵੀ ਹਨ। ਨਿਕਲੌਸ ਦਾ ਜਨਮ ਭਾਰਤ ਦੇ ਕਰਨਾਟਕ ਦੇ ਉਡੁਪੀ ਸਥਿਤ ਸੀ. ਐੱਸ. ਆਈ. ਲੋਮਬਾਰਡ ਮੈਮੋਰੀਅਲ ਹਸਪਤਾਲ 'ਚ 1 ਮਈ 1970 ਨੂੰ ਹੋਇਆ ਸੀ। ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਅਨੁਸੂਇਆ ਨੇ ਜਨਮ ਦੇਣ ਮਗਰੋਂ ਹੀ ਤਿਆਗ ਦਿੱਤਾ ਸੀ।
ਸਵਿਸ ਜੋੜੇ ਨੇ ਕੀਤਾ ਪਾਲਣ-ਪੋਸ਼ਣ
ਇਸ ਦੇ ਇਕ ਹਫਤੇ ਮਗਰੋਂ ਉਨ੍ਹਾਂ ਨੂੰ ਇਕ ਸਵਿਸ ਜੋੜੇ ਨੇ ਗੋਦ ਲੈ ਲਿਆ ਸੀ। ਨਿਕਲੌਸ ਦੇ ਨਵੇਂ ਮਾਤਾ-ਪਿਤਾ ਫ੍ਰਿਲਜ਼ ਅਤੇ ਐਲੀਜ਼ਾਬੇਥ ਉਨ੍ਹਾਂ ਨੂੰ ਲੈ ਕੇ ਕੇਰਲ ਚਲੇ ਗਏ। ਉਸ ਸਮੇਂ ਨਿਕਲੌਸ ਸਿਰਫ 15 ਦਿਨਾਂ ਦੇ ਸਨ। ਬੀਤੇ ਹਫਤੇ ਭਾਰਤੀ ਮੂਲ ਦੇ ਲੋਕਾਂ (ਪੀ. ਆਈ. ਓ.) ਦੇ ਪਹਿਲੇ ਸੰਸਦੀ ਸੰਮੇਲਨ ਤੋਂ ਪਹਿਲਾਂ ਨਿਕਲੌਸ ਨੇ ਇਕ ਗੱਲਬਾਤ ਵਿਚ ਕਿਹਾ,''ਮੈਨੂੰ ਜੈਵਿਕ ਮਾਂ ਅਨੁਸੂਇਆ ਨੇ ਮੇਰੇ ਜਨਮ ਦੇ ਤੁਰੰਤ ਮਗਰੋਂ ਮੈਨੂੰ ਡਾਕਟਰ ਈ. ਡੀ. ਪੀਫਲਗਫੈਲਡਰ ਨੂੰ ਸੌਂਪ ਦਿੱਤਾ ਸੀ। ਉਨ੍ਹਾਂ ਨੇ ਡਾਕਟਨ ਨੂੰ ਬੇਨਤੀ ਕੀਤੀ ਸੀ ਕਿ ਉਹ ਮੈਨੂੰ ਕਿਸੇ ਅਜਿਹੇ ਜੋੜੇ ਨੂੰ ਦੇਣ, ਜੋ ਮੇਰਾ ਬਿਹਤਰ ਤਰੀਕੇ ਨਾਲ ਪਾਲਣ-ਪੋਸ਼ਣ ਕਰ ਸਕਣ ਅਤੇ ਇਕ ਚੰਗਾ ਕਰੀਅਰ ਬਣਾਉਣ ਵਿਚ ਮੇਰੀ ਮਦਦ ਕਰ ਸਕਣ।
ਇਸ ਮਗਰੋਂ ਡਾਕਟਰ ਪੀਫਲਗਫੇਲਡਰ ਨੇ ਮੈਨੂੰ ਗੱਗਰ ਜੋੜੇ (ਫ੍ਰਿਲਜ਼ ਅਤੇ ਐਲੀਜ਼ਾਬੇਥ) ਨੂੰ ਸੌਂਪ ਦਿੱਤਾ।'' ਕਰਨਾਟਕ ਤੋਂ ਸਵਿਸ ਸੰਸਦੀ ਮੈਂਬਰ ਤੱਕ ਦੀ ਯਾਤਰਾ ਦੇ ਬਾਰੇ ਵਿਚ ਨਿਕੌਲਸ ਨੇ ਕਿਹਾ,''ਮੈਂ ਆਪਣੇ ਜ਼ਿੰਦਗੀ ਦੇ ਸ਼ੁਰੂਆਤੀ 4 ਸਾਲ ਕੇਰਲ ਦੇ ਥਾਲੇਸਸੇਰੀ ਵਿਚ ਗੁਜਾਰੇ, ਜਿੱਥੇ ਮੇਰੀ ਨਵੀਂ ਮਾਂ ਐਲੀਜ਼ਾਬੇਥ ਜਰਮਨੀ ਅਤੇ ਅੰਗਰੇਜੀ ਭਾਸ਼ਾ ਦੀ ਅਧਿਆਪਿਕਾ ਸੀ। ਮੇਰੇ ਪਿਤਾ ਫ੍ਰਿਲਜ਼ ਨਾਟੂਰ ਟੈਕਨੀਕਲ ਟ੍ਰੇਨਿੰਗ ਫਾਊਂਡੇਸ਼ਨ ਵਿਚ ਉਪਕਰਣ ਬਣਾਉਂਦੇ ਸਨ।'' ਉਨ੍ਹਾਂ ਨੇ ਕਿਹਾ,''ਬਾਅਦ ਵਿਚ ਅਸੀਂ ਸਵਿਟਰਜ਼ਲੈਂਡ ਵਾਪਸ ਆ ਗਏ, ਜਿੱਥੇ ਮੈਂ ਟਰੱਕ ਡਰਾਈਵਰ, ਮਾਲੀ ਅਤੇ ਮਿਸਤਰੀ ਦਾ ਕੰਮ ਕੀਤਾ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ। ਅਸਲ ਵਿਚ ਮੇਰੇ ਮਾਤਾ-ਪਿਤਾ ਮੇਰੀ ਪੜ੍ਹਾਈ ਦਾ ਖਰਚ ਚੁੱਕਣ ਵਿਚ ਅਸਮਰਥ ਸਨ। ਉਨ੍ਹਾਂ ਨੇ ਮੈਨੂੰ ਰੋਟੀ-ਕੱਪੜਾ ਦਿੱਤਾ ਅਤੇ ਕੁਝ ਹੋਰ ਕੰਮ ਸਿਖਾਏ।''
ਅਧਿਐਨ ਪੂਰਾ ਕਰਨ ਮਗਰੋਂ ਨਿਕਲੌਸ ਨੇ ਸਮਾਜਿਕ ਕੰਮ ਵੀ ਕੀਤੇ। ਸਾਲ 2002 ਵਿਚ ਉਹ ਜਰਮਨ ਸੀਮਾ ਨਾਲ ਲੱਗਦੇ ਜਿਊਰਿਖ ਦੇ ਉੱਤਰ-ਪੂਰਬ ਸਥਿਤ ਵਿੰਟਰਥੁਰ ਸ਼ਹਿਰ ਦੇ ਸਲਾਹਕਾਰ ਚੁਣੇ ਗਏ। ਉਨ੍ਹਾਂ ਨੇ ਕਿਹਾ,''ਮੈਂ ਸਵਿਟਰਜ਼ਲੈਂਡ ਦੀ ਸੰਸਦ ਵਿਚ ਸੰਸਦੀ ਮੈਂਬਰ ਦੇ ਰੂਪ ਵਿਚ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਹਾਂ।'' ਨਿਕਲੌਸ ਨੇ ਉਮੀਦ ਜ਼ਾਹਰ ਕੀਤੀ ਕਿ ਆਉਣ ਵਾਲੇ ਦਹਾਕਿਆਂ ਵਿਚ ਉਹ ਸਵਿਸ ਸੰਸਦ ਵਿਚ ਇਕਲੌਤੇ ਭਾਰਤੀ ਰਹਿਣਗੇ ਕਿਉਂਕਿ ਹੋਰ ਕੋਈ ਭਾਰਤੀ ਸਵਿਸ ਰਾਜਨੀਤੀ ਵਿਚ ਸਰਗਰਮ ਨਹੀਂ ਹੈ।
ਨਿਕਲੌਸ ਆਪਣੀ ਸਫਲਤਾ ਲਈ ਆਪਣੇ ਜੈਵਿਕ ਮਾਂ ਅਨੁਸੂਇਆ ਨੂੰ ਧੰਨਵਾਦ ਦਿੰਦੇ ਹਨ। ਹਾਲਾਂਕਿ ਉਹ ਉਨ੍ਹਾਂ ਨੂੰ ਮਿਲਣ ਵਿਚ ਕਾਮਯਾਬ ਨਹੀਂ ਹੋ ਸਕੇ, ਇਸ ਲਈ ਉਸ ਮਾਂ ਦੀਆਂ ਯਾਦਾਂ ਨੂੰ ਬਣਾਈ ਰੱਖਣ ਲਈ ਆਪਣੀ ਬੇਟੀ ਦਾ ਨਾਂ ਅਨੁਸੂਇਆ ਰੱਖਿਆ ਹੈ।
ਦੁਨੀਆ ਦੇ ਭਾਰਤੀ ਮੂਲ ਦੇ 134 ਸੰਸਦੀ ਮੈਂਬਰਾਂ ਵਿਚ ਸ਼ਾਮਲ
ਨਿਕਲੌਸ ਨੂੰ ਲੋਕ ਨਿਕ ਕਹਿ ਕੇ ਬੁਲਾਉਂਦੇ ਹਨ। ਉਹ ਦੁਨੀਆ ਦੇ 24 ਦੇਸ਼ਾਂ ਦੀਆਂ ਸੰਸਦਾਂ ਵਿਚ ਮੌਜੂਦ ਭਾਰਤੀ ਮੂਲ ਦੇ ਉਨ੍ਹਾਂ 143 ਸੰਸਦੀ ਮੈਂਬਰਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਵਲੋਂ ਆਯੋਜਿਤ ਪੀ. ਆਈ. ਓ. ਸੰਸਦੀ ਮੈਂਬਰ ਸੰਮੇਲਨ ਵਿਚ ਹਿੱਸਾ ਲਿਆ। ਨਿਕਲੌਸ ਨੇ ਭਾਰਤ ਆਉਣ ਨੂੰ ਆਪਣੇ ਲਈ ਇਕ ਭਾਵਨਾਮਤਕ ਪਲ ਦੱਸਿਆ।