
ਵਾਸ਼ਿੰਗਟਨ,
3 ਸਤੰਬਰ : ਕੌਮਾਂਤਰੀ ਪੁਲਾੜ ਕੇਂਦਰ (ਆਈ.ਐਸ.ਐਸ.) 'ਚ ਸੱਭ ਵੱਧ ਦਿਨ ਰਹਿਣ ਸਮੇਤ ਕਈ
ਨਵੇਂ ਰੀਕਾਰਡ ਬਣਾ ਕੇ ਨਾਸਾ ਦੀ ਪਹਿਲੀ ਮਹਿਲਾ ਕਮਾਂਡਰ ਅਤੇ ਪੁਲਾੜ ਯਾਤਰੀ ਪੈਗੀ ਵਿਟਸਨ
ਐਤਵਾਰ ਨੂੰ ਧਰਤੀ 'ਤੇ ਸੁਰੱਖਿਅਤ ਉਤਰ ਗਈ। ਆਈ.ਐਸ.ਐਸ. 'ਚ 288 ਦਿਨ ਰਹਿਣ ਦੌਰਾਨ
ਪੈਗੀ ਨੇ ਚਾਰ ਵਾਰ ਸਪੇਸ ਵਾਕ (ਪੁਲਾੜ 'ਚ ਚਹਿਲ-ਕਦਮੀ) ਕੀਤੀ। ਉਨ੍ਹਾਂ ਦੇ ਦੋ ਸਾਥੀ
ਨਾਸਾ ਦੇ ਫ਼ਲਾਈਟ ਇੰਜੀਨੀਅਰ ਜੈਕ ਫਿਸ਼ਰ ਅਤੇ ਰੂਸੀ ਪੁਲਾੜ ਏਜੰਸੀ ਰਾਸਕਾਸਮੋਸ ਦੇ ਪਿਓਡੋਰ
ਯੂਚਰੀਖਿਨ ਵੀ ਸੋਯੂਜ ਐਮਐਸ-04 ਜਹਾਜ਼ ਰਾਹੀਂ ਕਜਾਕਿਸਤਾਨ 'ਚ ਉਤਰੇ।
ਨਾਸਾ ਅਨੁਸਾਰ
ਇਹ ਮਿਸ਼ਨ ਪਿਛਲੇ ਸਾਲ ਨਵੰਬਰ 'ਚ ਸ਼ੁਰੂ ਹੋਇਆ ਸੀ। ਇਸ ਦੇ ਤਹਿਤ ਪੈੱਗੀ ਨੇ 12.22 ਕਰੋੜ
ਮੀਲ ਦੀ ਦੂਰੀ ਤੈਅ ਕੀਤੀ ਅਤੇ ਧਰਤੀ ਦੇ 4623 ਚੱਕਰ ਲਾਏ ਗਏ। ਪੁਲਾੜ ਕੇਂਦਰ 'ਤੇ ਇਹ
ਉਨ੍ਹਾਂ ਦਾ ਤੀਜਾ ਸਭ ਤੋਂ ਲੰਮਾ ਮਿਸ਼ਨ ਸੀ। ਇਸ ਮਿਸ਼ਨ 'ਚ ਪੈਗੀ ਨੇ ਚਾਰ ਵਾਰ ਸਪੇਸ ਵਾਕ
ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਕਰੀਅਰ ਦੀ ਕੁਲ ਸਪੇਸ ਵਾਕ ਦੀ ਗਿਣਤੀ 10 ਹੋ ਗਈ।
ਉਨ੍ਹਾਂ ਨੇ ਪੁਲਾੜ ਵਿਚ ਅਪਣੇ ਕੁਲ ਮਿਸ਼ਨਾਂ ਦੌਰਾਨ 665 ਦਿਨ ਗੁਜ਼ਾਰੇ ਹਨ। ਪੈਗੀ ਦੇ ਨਾਂ
ਕਈ ਅਮਰੀਕੀ ਰੀਕਾਰਡ ਹਨ।
ਪੁਲਾੜ 'ਚ ਸਭ ਤੋਂ ਵੱਡੀ ਉਮਰ ਦੀ ਮਹਿਲਾ ਪੁਲਾੜ ਯਾਤਰੀ
ਦਾ ਖਿਤਾਬ ਵੀ 57 ਸਾਲਾ ਪੈਗੀ ਵਿਟਸਨ ਦੇ ਨਾਂ ਹੈ। ਉਨ੍ਹਾਂ ਨੇ ਕਿਹਾ, ''ਮੈਨੂੰ ਨਹੀਂ
ਪਤਾ ਕਿ ਭਵਿੱਖ ਵਿਚ ਮੇਰੇ ਲਈ ਕੀ ਲਿਖਿਆ ਹੈ ਪਰ ਮੈਂ ਖੁਦ ਨੂੰ ਪੁਲਾੜ ਉਡਾਣ ਸਬੰਧੀ
ਪ੍ਰੋਗਰਾਮਾਂ 'ਤੇ ਕੰਮ ਕਰਦੇ ਰਹਿਣਾ ਚਾਹੁੰਦੀ ਹਾਂ।'' (ਪੀਟੀਆਈ)