
ਰੁਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਕਈ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ‘ਚ ਤਾਂ ਚਲੇ ਜਾਂਦੇ ਹਨ ਪਰ ਵਿਦੇਸ਼ ‘ਚ ਕੀ ਹਾਲ ਹੋਵੇਗਾ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਵੈਸੇ ਤਾਂ ਵਿਦੇਸ਼ਾਂ ‘ਚ ਫਸੇ ਮੁੰਡੇ ਕੁੜੀਆਂ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ, ਪਰ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ।
ਆਪਣੇ ਅਤੇ ਆਪਣੇ ਪਰਿਵਾਰ ਲਈ ਰੋਟੀ ਕਮਾਉਣ ਖਾਤਿਰ ਸਾਊਦੀ ਅਰਬ ਗਈ ਪੰਜਾਬ ਦੀ ਲੜਕੀ ਹੁਣ ਉਥੇ ਗੁਲਾਮ ਬਣ ਕੇ ਰਹਿ ਗਈ ਹੈ। ਚੰਗੇ ਭਵਿੱਖ ਦੀ ਖਾਤਿਰ ਸਾਊਦੀ ਅਰਬ ‘ਚ ਪੈਸੇ ਕਮਾਉਣ ਗਈ ਗੋਰਾਇਆ ਦੀ ਰਹਿਣ ਵਾਲੀ ਰੀਨਾ ਨਾਂਅ ਦੀ ਲੜਕੀ ਦੀ ਜ਼ਿੰਦਗੀ ਸਾਊਦੀ ਅਰਬ ‘ਚ ਕਾਫੀ ਬਦਤਰ ਹੋ ਗਈ ਹੈ।
ਸਾਊਦੀ ਅਰਬ ‘ਚ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਸ ਨੂੰ ਕਮਰੇ ‘ਚ ਬੰਦ ਕਰਕੇ ਰੱਖਿਆ ਜਾ ਰਿਹਾ ਹੈ। ਉਥੋਂ ਨਿਕਲਣ ਲਈ ਰੀਨਾ ਨੇ ‘ਵਟਸਐਪ’ ਦੇ ਜ਼ਰੀਏ ਆਪਣੇ ਪਰਿਵਾਰ ਨੂੰ ਇਕ ਵੀਡੀਓ ਭੇਜੀ ਹੈ, ਜਿਸ ‘ਚ ਰੋਂਦੀ ਹੋਈ ਰੀਨਾ ਨੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦੇ ਬੋਪਾਰਾਏ ਦੀ ਰਹਿਣ ਵਾਲੀ ਲੜਕੀ ਰੀਨਾ ਦਾ ਵਿਆਹ ਟਾਂਡਾ ਦੇ ਰਹਿਣ ਵਾਲੇ ਲੜਕੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਪਤੀ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਇੱਕ ਸਾਲ ਪਹਿਲਾਂ ਉਹ ਏਜੰਟ ਦੇ ਜ਼ਰੀਏ ਸਾਊਦੀ ਅਰਬ ‘ਚ ਗਈ ਸੀ, ਜਿੱਥੇ ਉਸ ਦੀ ਜ਼ਿੰਦਗੀ ਬਦਤਰ ਬਣ ਗਈ ਹੈ।
ਰੋਂਦੇ ਹੋਏ ਵੀਡੀਓ ਜ਼ਰੀਏ ਰੀਨਾ ਭਗਵੰਤ ਮਾਨ ਨੂੰ ਕਹਿ ਰਹੀ ਹੈ ਕਿ ਉਨ੍ਹਾਂ ਨੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਲੜਕੀ ਦੀ ਵੀ ਮਦਦ ਕੀਤੀ ਸੀ ਅਤੇ ਉਹ ਹੁਣ ਉਸ ਦੀ ਮਦਦ ਕਰਨ। ਰੀਨਾ ਨੇ ਵੀਡੀਓ ‘ਚ ਕਿਹਾ ਕਿ ਮੈਂ ਤੁਹਾਡੀਆਂ ਧੀਆਂ ਵਰਗੀ ਹਾਂ ਅਤੇ ਮੈਨੂੰ ਸਾਊਦੀ ਅਰਬ ‘ਚੋਂ ਬਾਹਰ ਕੱਢਣ ਲਈ ਮੇਰੀ ਮਦਦ ਕੀਤੀ ਜਾਵੇ। ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ।”
ਇਸ ਦੇ ਨਾਲ ਹੀ ਉਸ ਨੇ ਰੋਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਭੈਣ-ਭਰਾ ਸਾਊਦੀ ਅਰਬ ‘ਚ ਨਾ ਆਵੇ।ਉਥੇ ਹੀ ਸਾਊਦੀ ਅਰਬ ‘ਚ ਫਸੀ ਲੜਕੀ ਰੀਨਾ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਬੇਟੀ ਦੇ ਮਾਲਕ ਉਸ ਨੂੰ ਕਮਰੇ ‘ਚ ਬੰਦ ਕਰਕੇ ਰੱਖਦੇ ਹਨ ਅਤੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕਰਦੇ ਹਨ। ਇੱਕ ਵਾਰ ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਉਥੋਂ ਭੱਜ ਗਈ ਸੀ ਅਤੇ ਕਿਸੇ ਦੀ ਮਦਦ ਨਾਲ ਪੁਲਿਸ ਸਟੇਸ਼ਨ ਤੱਕ ਪਹੁੰਚੀ ਪਰ ਪੁਲਿਸ ਨੇ ਉਸ ਦੇ ਮਾਲਕਾਂ ਨੂੰ ਉੱਥੇ ਬੁਲਾ ਲਿਆ।
ਜਿਸਤੋਂ ਬਾਅਦ ਜਬਰਨ ਕੁੱਟਮਾਰ ਕਰਕੇ ਉਸ ਨੂੰ ਉੱਥੋਂ ਵਾਪਸ ਲੈ ਗਏ। ਪਰਿਵਾਰ ਵਾਲਿਆਂ ਨੇ ਕੇਂਦਰ ਸਰਕਾਰ ਅਤੇ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀ ਬੇਟੀ ਨੂੰ ਵਾਪਸ ਲਿਆਂਦਾ ਜਾਵੇ।