
ਪਰਥ, 16 ਸਤੰਬਰ (ਪਿਆਰਾ ਸਿੰਘ) : ਪਛਮੀ
ਆਸਟ੍ਰੇਲੀਆ ਦੀ ਸਿੱਖ ਐਸੋਸੀਏਸਨ (ਸਾਵਾ) ਨੇ ਗੁਰਦਵਾਰਾ ਕੈਨਿੰਗਵਾਲ ਵਿਖੇ ਇਕ ਸਮਾਰੋਹ
ਆਯੋਜਿਤ ਕੀਤਾ, ਜਿਸ 'ਚ ਸਾਰਾਗੜ੍ਹੀ ਦੀ ਇਤਿਹਾਸਕ ਲੜ੍ਹਾਈ ਦੀ 120 ਸਾਲਾ ਵਰ੍ਹੇਗੰਢ
ਮਨਾਈ ਗਈ।
ਇਸ ਸਮਾਰੋਹ ਦੌਰਾਨ ਸਿੱਖ ਭਾਈਚਾਰੇ ਦੀਆਂ ਕਈ ਸ਼ਖ਼ਸੀਅਤਾਂ, ਜਿਨ੍ਹਾਂ 'ਚ ਕਿ
ਪਛਮੀ ਆਸਟ੍ਰੇਲੀਆ ਦੇ ਪੁਲਿਸ ਅਫ਼ਸਰ, ਓ.ਐਮ.ਆਈ., ਸਥਾਨਕ ਸਕੂਲਾਂ ਦੇ ਅਧਿਆਪਕ ਅਤੇ
ਪ੍ਰਿੰਸੀਪਲ, ਪਛਮੀ ਆਸਟ੍ਰੇਲੀਆ ਦੇ ਮਿਲਟਰੀ ਪੁਲਿਸ ਦੇ ਅਹੁਦੇਦਾਰ, ਸੇਵਾ ਮੁਕਤ ਭਾਰਤੀ
ਫ਼ੌਜੀ ਅਫ਼ਸਰ ਅਤੇ ਕਈ ਕਾਮਨਵੈਲਥ ਦੇ ਉਘੇ ਅਹੁਦੇਦਾਰ ਵੀ ਸ਼ਾਮਲ ਹੋਏ ਅਤੇ ਇਨ੍ਹਾਂ ਤੋਂ
ਇਲਾਵਾ ਜੰਡਕੋਟ ਤੋਂ ਸਾਂਸਦ ਯਾਜ਼ ਮੁਬਾਰਕੀ ਨੇ ਵੀ ਸ਼ਿਰਕਤ ਕੀਤੀ।
ਸਮਾਗਮ ਦੀ ਰਸਮੀ
ਸ਼ੁਰੂਆਤ ਕਰਦਿਆਂ ਡਾ. ਪ੍ਰੀਤਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਬਾਣੀ ਦਾ
ਵਿਖਿਆਨ ਕੀਤਾ, ਜਿਸ ਦੀ ਸ਼ਕਤੀ ਸਦਕਾ ਸਾਰਾਗੜੀ ਦੇ ਸਿਰਫ਼ 21 ਸਿੱਖ ਸਿਪਾਹੀ 12 ਸਤੰਬਰ
1897 ਨੂੰ ਸਾਰਾਗੜੀ ਕਿਲ੍ਹੇ 'ਚ ਤਕਰੀਬਨ 12 ਹਜ਼ਾਰ ਅਫ਼ਗ਼ਾਨਾਂ ਨਾਲ ਭਿੜ ਗਏ ਅਤੇ ਵੀਰ ਗਤੀ
ਨੂੰ ਪ੍ਰਾਪਤ ਹੋਏ। ਇਸ ਮੌਕੇ ਸਾਰਾਗੜੀ ਰੈਜਮੈਂਟ ਦੇ ਕਰਨਲ ਹਰਪਾਲ ਸਿੰਘ ਆਹਲੂਵਾਲੀਆ
(ਜਿਨ੍ਹਾਂ ਨੇ ਸਾਰਾਗੜੀ ਰੈਜੀਮੈਂਟ 'ਚ ਸੇਵਾ ਕੀਤੀ) ਕਰਨਲ ਕਰਮਵੀਰ ਸਿੰਘ ਵਿਰਕ
(ਜਿਨ੍ਹਾਂ ਨੇ ਤਕਰੀਬਨ ਤਿੰਨ ਸਿੱਖ ਬਟਾਲੀਅਨਜ਼ ਲਈ ਸੇਵਾ ਕੀਤੀ) ਅਤੇ ਸਮਾਗਮ 'ਚ ਪਹੁੰਚ
ਕੇ ਸਮਾਗਮ ਦਾ ਮਾਣ ਵਧਾਇਆ।
ਇਸ ਸਮਾਗਮ ਦੌਰਾਨ ਆਸਟ੍ਰੇਲੀਅਨ ਸਿੱਖ ਹੈਰੀਟੇਜ
ਐਸੋਸੀਏਸ਼ਨ (ਆਸਾ) ਨੇ ਸਾਰਾਗੜ੍ਹੀ ਇਤਿਹਾਸ ਨੂੰ ਦਰਸਾਉਂਦੀ ਚਿੱਤਰ ਪ੍ਰਦਰਸ਼ਨੀ ਲਗਾਈ।
ਸਮਾਗਮ ਦੇ ਅੰਤ 'ਚ ਗੁਰਦਰਸ਼ਨ ਸਿੰਘ ਕੈਲੇ ਪ੍ਰਧਾਨ ਗੁਰਦਵਾਰਾ ਕੈਨਿੰਗਵੇਲ ਨੇ ਫ਼ੌਜ ਅਤੇ
ਪੁਲਿਸ ਦੇ ਨੁਮਾਇੰਦਿਆਂ ਸਮੇਤ ਸਮੂਹ ਸੰਗਤ ਦਾ ਧਨਵਾਦ ਕੀਤਾ।