ਸੰਯੁਕਤ
ਰਾਸ਼ਟਰ, 22 ਸਤੰਬਰ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਮਿਆਮਾਂ ਵਿਚ ਹਿੰਸਾ
ਤੋਂ ਬਚ ਕੇ ਉਨ੍ਹਾਂ ਦੇ ਦੇਸ਼ ਵਿਚ ਸ਼ਰਨ ਲੈਣ ਵਾਲੇ ਰੋਹਿੰਗਿਆ ਮੁਸਲਮਾਨਾਂ ਲਈ ਸੰਯੁਕਤ
ਰਾਸ਼ਟਰ ਦੀ ਨਿਗਰਾਨੀ ਵਿਚ ਮਿਆਮਾਂ ਅੰਦਰ ਹੀ ਸੁਰੱਖਿਅਤ ਜ਼ੋਨ ਬਣਾਉਣ ਦਾ ਪ੍ਰਸਤਾਵ ਪੇਸ਼
ਕੀਤਾ ਹੈ।
ਸ਼ੇਖ਼ ਹਸੀਨਾ ਨੇ ਬੀਤੇ ਦਿਨੀਂ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਿਹਾ ਕਿ ਇਹ
ਲੋਕ ਰੱਖਿਆ, ਸੁਰੱਖਿਆ ਅਤੇ ਸਨਮਾਨ ਨਾਲ ਅਪਣੇ ਦੇਸ਼ ਪਰਤ ਸਕਣ। ਸੰਯੁਕਤ ਰਾਸ਼ਟਰ ਦਾ ਕਹਿਣਾ
ਹੈ ਕਿ ਰਖਾਇਨ ਸੂਬੇ ਵਿਚ ਫ਼ੌਜੀ ਕਾਰਵਾਈ ਕਾਰਨ ਰੋਹਿੰਗਿਆ ਦੇ ਚਾਰ ਲੱਖ 20 ਹਜ਼ਾਰ ਤੋਂ
ਜ਼ਿਆਦਾ ਮੁਸਲਮਾਨ ਜਾਨ ਬਚਾ ਕੇ ਬੰਗਲਾਦੇਸ਼ ਦੌੜ ਗਏ ਹਨ। ਰੋਹਿੰਗਿਆ ਅਤਿਵਾਦੀਆਂ ਨੇ 25
ਅਗੱਸਤ ਨੂੰ ਇਕ ਪੁਲਿਸ ਚੌਕੀ 'ਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਵਿਰੁਧ ਫ਼ੌਜੀ
ਕਾਰਵਾਈ ਸ਼ੁਰੂ ਹੋਈ ਸੀ । ਸ਼ੇਖ ਹਸੀਨਾ ਨੇ ਦੋਸ਼ ਲਗਾਇਆ ਕਿ ਰੋਹਿੰਗਿਆ ਲੋਕ ਅਪਣੇ ਦੇਸ਼ ਪਰਤ
ਨਾ ਸਕਣ, ਇਸ ਲਈ ਮਿਆਮਾਂ ਦੇ ਪ੍ਰਸ਼ਾਸਨ ਨੇ ਸਰਹੱਦ 'ਤੇ ਬਾਰੂਦੀ ਸੁਰੰਗਾਂ ਵਿਛਾ ਦਿਤੀਆਂ
ਹਨ ।
ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸੰਯੁਕਤ ਰਾਸ਼ਟਰ ਨੂੰ ਤੁਰਤ ਕਦਮ
ਚੁਕਣਾ ਚਾਹੀਦਾ ਹੈ । ਉਨ੍ਹਾਂ ਰੋਹਿੰਗਿਆ ਮੁਸਲਮਾਨਾਂ ਦੀ ਸੁਰੱਖਿਆ ਲਈ ਪੰਜ ਸੂਤਰੀ
ਯੋਜਨਾ ਪੇਸ਼ ਕੀਤੀ। ਇਸ ਵਿਚ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਵਿਚ ਮਿਆਮਾਂ ਵਿਚ ਹੀ
'ਸੁਰੱਖਿਅਤ ਜ਼ੋਨ' ਬਣਾਉਣ ਦਾ ਪ੍ਰਸਤਾਵ ਵੀ ਸ਼ਾਮਲ ਹੈ। (ਪੀ.ਟੀ.ਆਈ)