ਮੁੰਬਈ : ਭਾਰਤੀ ਕ੍ਰਿਕਟ ਇਸ ਸਮੇਂ ਸ਼੍ਰੀਲੰਕਾ 'ਚ ਤ੍ਰਿਕੋਣੀ ਸੀਰੀਜ਼ ਖੇਡਣ ਲਈ ਗਈ ਹੋਈ ਹੈ। ਹਾਲ ਹੀ 'ਚ ਖ਼ਬਰ ਆਈ ਕਿ ਫ਼ਿਰਕੂ ਦੰਗਿਆਂ ਦੇ ਚੱਲਦਿਆਂ ਸ੍ਰੀਲੰਕਾ ਨੇ ਮੁਲਕ ਵਿਚ 10 ਦਿਨ ਲਈ ਐਮਰਜੈਂਸੀ ਐਲਾਨੀ ਹੈ। ਇਸ ਐਮਰਜੈਂਸੀ ਦਾ ਅਸਰ ਅੱਜ ਹੋਣ ਵਾਲੇ ਭਾਰਤ ਤੇ ਸ੍ਰੀਲੰਕਾ ਵਿਚਾਲੇ ਮੈਚ 'ਤੇ ਵੀ ਪੈਣ ਦੀਆਂ ਖਬਰਾਂ ਆ ਰਹੀਆਂ ਸਨ।
ਜਿਸ ਸਬੰਧੀ ਭਾਰਤੀ ਕ੍ਰਿਕਟ ਬੋਰਡ ਯਾਨੀ ਬੀ.ਸੀ.ਸੀ.ਆਈ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸ੍ਰੀਲੰਕਾ 'ਚ ਕਰਫ਼ਿਊ ਤੇ ਐਮਰਜੈਂਸੀ ਦੀਆਂ ਰਿਪੋਰਟਾਂ ਹਨ, ਇਹ ਹਾਲਾਤ ਕੈਂਡੀ ਵਿਚ ਬਣੇ ਹੋਏ ਹਨ, ਨਾ ਕਿ ਕੋਲੰਬੋ ਵਿਚ। ਸੁਰੱਖਿਆ ਅਧਿਕਾਰੀਆਂ ਨਾਲ ਇਨ੍ਹਾਂ ਚਿੰਤਾਵਾਂ ਨੂੰ ਲੈ ਕੇ ਚਰਚਾ ਹੋਈ ਹੈ। ਬੀ.ਸੀ.ਸੀ.ਆਈ. ਨੇ ਕਿਹਾ ਕਿ ਪੂਰੇ ਹਾਲਾਤਾਂ ਦੀ ਸਮਝ ਮੁਤਾਬਿਕ ਕੋਲੰਬੋ ਵਿਚ ਹਾਲਾਤ ਬਿਲਕੁਲ ਠੀਕ ਹਨ। ਫਿਲਹਾਲ ਭਾਰਤੀ ਟੀਮ ਜਾ ਹੋਣ ਵਾਲੇ ਮੈਚ 'ਤੇ ਇਨ੍ਹਾਂ ਦੰਗਿਆਂ ਦਾ ਕੋਈ ਅਸਰ ਨਹੀਂ ਹੋਵੇਗਾ।
ਇਸ ਤ੍ਰਿਕੋਣੀ ਸੀਰੀਜ਼ ਦਾ ਪਹਿਲਾ ਮੈਚ ਅੱਜ ਕੋਲੰਬੋ 'ਚ ਖੇਡਿਆ ਜਾਣਾ ਹੈ। ਮੈਚ ਦਾ ਸਮਾਂ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ 'ਚ ਭਾਰਤੀ ਟੀਮ ਦੀ ਕਮਾਨ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਹੱਥ 'ਚ ਦਿੱਤੀ ਗਈ ਹੈ। ਤੇ ਟੀਮ ਦੇ ਉਪ ਕਪਤਾਨ ਸ਼ਿਖਰ ਧਵਨ ਹਨ। ਟੀਮ 'ਚ ਕੋਹਲੀ ਸਮੇਤ ਕਈ ਵੱਡੇ ਖਿਡਾਰੀਆਂ ਨੂੰ ਅਰਾਮ ਦਿੱਤਾ ਗਿਆ ਹੈ। ਭਾਰਤੀ ਟੀਮ ਲਈ ਖੇਡਣ ਵਾਲੇ ਕਈ ਨਵੇਂ ਚਿਹਰੇ ਵੀ ਹਨ ਜਿਨ੍ਹਾਂ ਲਈ ਇਹ ਸੀਰੀਜ਼ ਬਹੁਤ ਮਹੱਤਵਪੂਰਨ ਸਿੱਧ ਹੋਣ ਵਾਲੀ ਹੈ।
end-of