
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਮੁਲਾਕਾਤ ਲਈ ਸ਼ਰਤ ਰੱਖ ਦਿਤੀ ਹੈ। ਵ੍ਹਾਈਟ ਹਾਊਸ ਨੇ ਅਪਣੇ ਬਿਆਨ ਵਿਚ ਕਿਹਾ ਕਿ ਜਦੋਂ ਤਕ ਪਯੋਂਗਯਾਂਗ ਗੱਲਬਾਤ ਜਾਰੀ ਰੱਖਣ ਲਈ ਕੋਈ ਠੋਸ ਕਦਮ ਨਹੀਂ ਚੁਕਦਾ ਹੈ ਉਦੋਂ ਤਕ ਰਾਸ਼ਟਰਪਤੀ ਟਰੰਪ ਉੱਤਰ ਕੋਰੀਆ ਦੇ ਤਾਨਾਸ਼ਾਹ ਨੂੰ ਨਹੀਂ ਮਿਲਣਗੇ।
ਵ੍ਹਾਈਟ ਹਾਊਸ ਦੇ ਬੁਲਾਰੇ ਸਾਰਾ ਸੈਂਡਰਸ ਨੇ ਕਿਹਾ ਕਿ ਰਾਸ਼ਟਰਪਤੀ ਇਸ ਮੁਲਾਕਾਤ ਵਿਚ ਉਦੋਂ ਤਕ ਸ਼ਾਮਲ ਨਹੀਂ ਹੋਣਗੇ ਜਦੋਂ ਤਕ ਉੱਤਰ ਕੋਰੀਆ ਵਲੋਂ ਕੋਈ ਠੋਸ ਕਦਮ ਨਹੀਂ ਚੁਕਿਆ ਜਾਂਦਾ ਅਤੇ ਰਾਸ਼ਟਰਪਤੀ ਉਸ ਤੋਂ ਸੰਤੁਸ਼ਟ ਨਹੀਂ ਹੁੰਦੇ। ਹਾਂਲਾਕਿ ਸੈਂਡਰਸ ਨੇ ਅਪਣੇ ਬਿਆਨ ਵਿਚ ਇਹ ਸਪੱਸ਼ਟ ਨਹੀਂ ਕੀਤਾ ਕਿ ਅਮਰੀਕਾ ਉੱਤਰ ਕੋਰੀਆ ਤੋਂ ਕਿਸ ਤਰ੍ਹਾਂ ਦੇ ਠੋਸ ਕਦਮ ਦੀ ਉਮੀਦ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਟਰੰਪ 'ਤੇ ਕਿਮ ਜੋਂਗ ਉਨ ਦੀਆਂ ਸ਼ਰਤਾਂ 'ਤੇ ਗੱਲਬਾਤ ਲਈ ਤਿਆਰ ਹੋਣ ਦੇ ਦੋਸ਼ ਦੇ ਬਾਅਦ ਵ੍ਹਾਈਟ ਹਾਊਸ ਨੇ ਇਹ ਨਵੀਂ ਸ਼ਰਤ ਰੱਖੀ ਹੈ।
ਵ੍ਹਾਈਟ ਹਾਊਸ ਦੇ ਇਸ ਬਿਆਨ ਨਾਲ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਉੱਤਰ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਸਬੰਧੀ ਦੋਵੇਂ ਦੇਸ਼ਾਂ ਦੇ ਵਿਚ ਜਾਰੀ ਤਣਾਅ ਬਹੁਤ ਛੇਤੀ ਖ਼ਤਮ ਨਹੀਂ ਹੋਣ ਵਾਲਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼ੁਕਰਵਾਰ ਨੂੰ ਟਵਿਟਰ 'ਤੇ ਗੱਲਬਾਤ ਨੂੰ ਲੈ ਕੇ ਸ਼ੱਕ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਉੱਤਰ ਕੋਰੀਆ ਨਾਲ ਗੱਲਬਾਤ ਦੇ ਮੁੱਦੇ 'ਤੇ ਕੀਤੇ ਗਏ ਇਕ ਟਵੀਟ ਵਿਚ ਕਿਹਾ ਕਿ ਉੱਤਰ ਕੋਰੀਆ ਨਾਲ ਸਮਝੌਤੇ ਲਈ ਕੰਮ ਜਾਰੀ ਹੈ ਅਤੇ ਜਾਰੀ ਰਹੇਗਾ। ਜੇਕਰ ਇਹ ਸਮਝੌਤਾ ਪੂਰਾ ਹੁੰਦਾ ਹੈ ਤਾਂ ਇਹ ਦੁਨੀਆਂ ਲਈ ਬਹੁਤ ਵਧੀਆ ਹੋਵੇਗਾ। ਇਸ ਦੇ ਲਈ ਸਹੀ ਸਮੇਂ ਅਤੇ ਸਹੀ ਜਗ੍ਹਾ ਦੀ ਚੋਣ ਹਾਲੇ ਬਾਕੀ ਹੈ।
ਦੱਸ ਦੇਈਏ ਕਿ ਅਮਰੀਕਾ ਲੰਮੇ ਸਮੇਂ ਤੋਂ ਉੱਤਰ ਕੋਰੀਆ ਨੂੰ ਉਸ ਦੇ ਪ੍ਰਮਾਣੂ ਹਥਿਆਰਾਂ ਅਤੇ ਮਿਜ਼ਾਇਲ ਪ੍ਰੋਗਰਾਮ ਨੂੰ ਖ਼ਤਮ ਕਰਨ ਨੂੰ ਕਹਿੰਦਾ ਰਿਹਾ ਹੈ। ਦੋਵੇਂ ਦੇਸ਼ਾਂ 'ਚ ਪਿਛਲੇ ਸਾਲ ਵਧੇ ਤਣਾਅ 'ਚ ਤਾਜ਼ਾ ਗੱਲਬਾਤ 'ਤੇ ਪੂਰੀ ਦੁਨੀਆਂ ਦੀ ਨਜ਼ਰ ਬਣੀ ਹੋਈ ਹੈ। ਉੱਤਰ ਕੋਰੀਆ ਦੀ ਦਖਣੀ ਕੋਰੀਆ ਨਾਲ ਵੀ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਜਾਰੀ ਹੈ। ਉੱਤਰ ਕੋਰੀਆ ਨਾਲ ਜਾਰੀ ਗੱਲਬਾਤ ਦੀ ਜਾਣਕਾਰੀ ਦੇਣ ਲਈ ਦਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਦਫ਼ਤਰ ਦੇ ਪ੍ਰਮੁੱਖ ਚੁੰਗ ਈਯੂ ਯੋਂਗ ਹਾਲ ਹੀ ਵਿਚ ਵਾਸ਼ਿੰਗਟਨ ਦੇ ਦੌਰੇ 'ਤੇ ਸਨ, ਜਿਥੇ ਉਨ੍ਹਾਂ ਨੇ ਅਮਰੀਕੀ ਪ੍ਰਸ਼ਾਸਨ ਨੂੰ ਉੱਤਰ ਕੋਰੀਆ ਨਾਲ ਜਾਰੀ ਗੱਲਬਾਤ ਦੇ ਬਾਰੇ ਵਿਚ ਜਾਣੂ ਕੀਤਾ।