
ਤਹਿਰਾਨ : ਸੰਯੁਕਤ ਅਰਬ ਅਮੀਰਾਤ ਤੋਂ ਇਸਤਾਂਬੁਲ ਜਾ ਰਿਹਾ ਤੁਰਕੀ ਦਾ ਇਕ ਪ੍ਰਾਈਵੇਟ ਜਹਾਜ਼ ਐਤਵਾਰ ਰਾਤ ਈਰਾਨ ਦੇ ਪਹਾੜੀ ਖੇਤਰ ਵਿਚ ਭਾਰੀ ਮੀਂਹ ਕਾਰਨ ਕ੍ਰੈਸ਼ ਹੋ ਗਿਆ। ਇਸ ਦੁਰਘਟਨਾ 'ਚ 11 ਮੁਸਾਫ਼ਰ ਮਾਰੇ ਗਏ। ਜਾਣਕਾਰੀ ਮੁਤਾਬਕ ਜਹਾਜ਼ ਵਿਚ ਔਰਤਾਂ ਦਾ ਇਕ ਦਲ ਸਵਾਰ ਸੀ। ਜਹਾਜ਼ ਦੀ ਪਹਿਚਾਣ ਬਾਂਬਾਡਿਆ ਸੀਐਲ 604 ਦੇ ਤੌਰ 'ਤੇ ਹੋਈ ਹੈ। ਇਸ ਪ੍ਰਾਈਵੇਟ ਬਿਜਨੈਸ ਜੈੱਟ ਦਾ ਟੇਲ ਨੰਬਰ TC – TRB ਸੀ।
ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਦੇਸ਼ ਦੇ ਸੰਕਟਕਾਲੀਨ ਪ੍ਰਬੰਧਨ ਸੰਗਠਨ ਦੇ ਬੁਲਾਰੇ ਮੋਜਤਾਬਾ ਖਾਂਲੇੜੀ ਦੇ ਹਵਾਲੇ ਤੋਂ ਖ਼ਬਰ ਦਿਤੀ ਹੈ ਕਿ ਜਹਾਜ਼ ਸ਼ਹਿਰ - ਏ - ਕੋਰਡ ਦੇ ਨਜ਼ਦੀਕ ਪਹਾੜ ਨਾਲ ਟਕਰਾਇਆ ਅਤੇ ਉਸ ਵਿਚ ਅੱਗ ਲੱਗ ਗਈ। ਘਟਨਾ ਸਥਾਨ ਰਾਜਧਾਨੀ ਤਹਿਰਾਨ ਤੋਂ 370 ਕਿਲੋਮੀਟਰ ਦੱਖਣ ਵਿਚ ਹੈ। ਪਿੰਡ ਵਾਸੀਆਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਬੁਰੀ ਤਰ੍ਹਾਂ ਝੁਲਸੀਆਂ 11 ਲਾਸ਼ਾਂ ਬਰਾਮਦ ਕੀਤੀਆਂ ਜਿਨ੍ਹਾਂ ਦੀ ਪਹਿਚਾਣ ਲਈ ਡੀਐਨਏ ਟੈਸਟ ਦੀ ਜ਼ਰੂਰਤ ਹੋਵੇਗੀ।
ਇਕ ਵੈੱਬਸਾਈਟ ਦਾ ਦਾਅਵਾ ਹੈ ਕਿ ਜਹਾਜ਼ ਨੇ ਕਰੀਬ 4:41 'ਤੇ ਉਡਾਨ ਭਰੀ ਸੀ ਅਤੇ 35 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ। 6 ਵਜੇ ਦੇ ਕਰੀਬ ਜਹਾਜ਼ ਵਿਚ ਖ਼ਰਾਬੀ ਆਈ। ਇਸਦੇ ਇਕ ਮਿੰਟ ਦੇ ਅੰਦਰ ਹੀ ਉਹ ਹੇਠਾਂ ਦੀ ਤਰਫ਼ ਡਿਗਣ ਲੱਗਿਆ। ਉਥੇ ਹੀ ਚਸ਼ਮਦੀਦਾਂ ਦੇ ਮੁਤਾਬਕ ਉਨ੍ਹਾਂ ਨੇ ਕ੍ਰੈਸ਼ ਤੋਂ ਪਹਿਲਾਂ ਜਹਾਜ਼ ਦੇ ਇੰਜ਼ਣ ਵਿਚੋਂ ਧੂੰਆਂ ਨਿਕਲਦਾ ਵੇਖਿਆ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਈਰਾਨ ਦੇ ਇਸ ਇਲਾਕੇ ਵਿਚ ਇਕ ਹਫ਼ਤੇ ਪਹਿਲਾਂ ਵੀ 6 ਲੋਕਾਂ ਦੀ ਜਹਾਜ਼ ਕ੍ਰੈਸ਼ ਵਿਚ ਮੌਤ ਹੋ ਗਈ ਸੀ। ਇਹ ਘਟਨਾ ਫ਼ਰਵਰੀ ਮਹੀਨੇ ਦੀ ਹੈ। ਜਹਾਜ਼ ਉਸ ਸਮੇਂ ਈਰਾਨ ਵਿਚ ਹਾਦਸਾਗ੍ਰਸਤ ਹੋ ਗਿਆ ਸੀ ਜਦੋਂ ਉਹ ਤਹਿਰਾਨ ਤੋਂ ਯਾਸੂਜ ਜਾ ਰਿਹਾ ਸੀ।