
ਸੋਲ, 29 ਨਵੰਬਰ: ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਚ ਕਿਤੇ ਵੀ ਮਾਰ ਕਰਨ ਦੀ ਸਮਰਥਾ ਰੱਖਣ ਵਾਲੀ ਨਵੀਂ ਮਿਜ਼ਾਈਲ ਦਾ ਸਫ਼ਲ ਤਜਰਬਾ ਕਰ ਕੇ ਸੰਪੂਰਨ ਪ੍ਰਮਾਣੂ ਤਾਕਤ ਬਣ ਗਿਆ ਹੈ। ਉੱਤਰੀ ਕੋਰੀਆ ਨੇ ਅਪਣੇ ਮਿਜ਼ਾਈਲਾਂ ਦੇ ਤਜਰਬੇ 'ਚ ਦੋ ਮਹੀਨੇ ਦੀ ਰੋਕ ਮਗਰੋਂ ਅੰਤਰਮਹਾਂਦੀਪੀ ਬੈਲਿਸਟਿਕ ਮਿਜ਼ਾਈਲ (ਆਈ.ਸੀ.ਬੀ.ਐਮ.) ਦਾ ਤਜਰਬਾ ਕੀਤਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਹਮਣੇ ਨਵੀਂ ਚੁਨੌਤੀ ਪੇਸ਼ ਕੀਤੀ ਹੈ। ਟਰੰਪ ਨੇ ਐਲਾਨ ਕੀਤਾ ਸੀ ਕਿ ਉੱਤਰੀ ਕੋਰੀਆ ਇਸ ਤਰ੍ਹਾਂ ਦੀ ਸਮਰਥਾ ਹਾਸਲ ਨਹੀਂ ਕਰ ਸਕੇਗਾ। ਉਤਰੀ ਕੋਰੀਆ ਦੇ ਸਰਕਾਰੀ ਟੈਲੀਵਿਜ਼ਨਾਂ 'ਤੇ ਉਸ ਦੀ ਮਸ਼ਹੂਰ ਪੇਸ਼ਕਰਤਾ ਰੀ ਚੁਨ ਹੀ ਨੇ ਆਈ.ਸੀ.ਬੀ.ਐਮ. ਦੇ ਤਜਰਬੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਮ ਜੋਂਗ ਉਨ ਮਾਣ ਨਾਲ ਇਸ ਗੱਲ ਦਾ ਐਲਾਨ ਕਰਦੇ ਹਨ ਕਿ ਅਸੀ ਆਖ਼ਰ ਸੰਪੂਰਨ ਪ੍ਰਮਾਣੂ ਤਾਕਤ ਬਣਨ ਦਾ ਮਹਾਨ ਸੁਪਨਾ ਹਾਸਲ ਕਰ ਲਿਆ ਹੈ। ਉਹ ਸੁਪਨਾ ਜੋ ਰਾਕੇਟ ਤਾਕਤ ਬਣਨ ਨਾਲ ਜੁੜਿਆ ਹੈ।
ਉਤਰੀ ਕੋਰੀਆ ਸਰਕਾਰ ਨੇ ਕਿਹਾ ਕਿ ਮਿਜ਼ਾਈਲ 4475 ਕਿਲੋਮੀਟਰ ਦੀ ਉਚਾਈ ਤਕ ਪੁੱਜੀ ਅਤੇ ਤਜਰਬੇ ਵਾਲੀਥਾਂ ਤੋਂ 950 ਕਿਲੋਮੀਟਰ ਦੀ ਦੂਰੀ 'ਤੇ ਡਿੱਗੀ। ਇਸ ਮੁੱਦੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਹੰਗਾਮੀ ਇਜਲਾਸ ਸੱਦਣ ਲਈ ਸਹਿਮਤ ਹੋ ਗਿਆ ਹੈ ਅਤੇ ਟਰੰਪ ਨੇ ਤਜਰਬੇ ਨੂੰ ਲੈ ਕੇ ਕਿਹਾ ਕਿ ਉਹ ਇਸ ਨਾਲ ਨਜਿੱਠ ਲੈਣਗੇ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਇੰਤੋਨੀਓ ਗੁਤਾਰੇਸ ਨੇ ਉਤਰੀ ਕੋਰੀਆ ਵਲੋਂ ਕੀਤੇ ਤਜਰਬੇ ਦੀ ਸਖ਼ਤ ਆਲੋਚਨਾਕੀਤੀ ਹੈ ਅਤੇ ਉਸ ਨੂੰ ਕਿਹਾ ਕਿ ਉਹ ਅਸਥਿਰਤਾ ਲਿਆਉਣ ਵਾਲੇ ਅਜਿਹੇ ਕਦਮਾਂ ਤੋਂ ਪਰਹੇਜ਼ ਕਰਨ। ਦਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਉਤਰੀ ਕੋਰੀਆ ਵਲੋਂ ਅੱਜ ਕੀਤੇ ਮਿਜ਼ਾਈਲ ਤਜਰਬੇ ਦੀ ਆਲੋਚਨਾ ਕਰਦਿਆਂ ਚੇਤਾਵਨੀ ਦਿਤੀ ਹੈ ਕਿ ਕੋਰੀਆ 'ਚ ਹਾਲਾਤ ਵਿਗੜ ਰਹੇ ਹਨ ਅਤੇ ਇਹ ਸੰਘਰਸ਼ ਦਾ ਰੂਪ ਲੈ ਸਕਦੇ ਹਨ। (ਪੀਟੀਆਈ)